ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 16 ਜੂਨ
ਜਲੰਧਰ ਦੇ ਫੋਕਲ ਪੁਆਇਟ ਦੇ ਨਾਲ ਲੱਗਦੇ ਪਿੰਡ ਗਦਾਈਪੁਰ ਵਿੱਚ ਇੱਕ ਪਲਾਈਵੁੱਡ ਦੀ ਫੈਕਟਰੀ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਤ ਡੇਢ ਵਜੇ ਦੇ ਕਰੀਬ ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਨ੍ਹਾਂ ਅੱਗ ਨੂੰ ਆਪ ਹੀ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਫੈਕਟਰੀ ਵਿੱਚ ਪਏ ਕੈਮਿਕਲ ਕਾਰਨ ਅੱਗ ਦੀਆਂ ਲਪਟਾਂ ਹੋਰ ਤੇਜ਼ ਹੁੰਦੀਆਂ ਗਈਆਂ। ਅੱਗ ਬੁਝਾਉਣ ਲਈ ਨਾਲ ਲੱਗਦੀਆਂ ਫੈਕਟਰੀਆਂ ਵਿੱਚ ਕੰਮ ਕਰ ਰਹੇ ਲੋਕ ਵੀ ਅੱਗ ਬੁਝਾਉਣ ਵਿੱਚ ਲੱਗ ਗਏ ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਜਿਸ ਕਾਰਨ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਮੌਕੇ ਫਾਇਰ ਬਿਗ੍ਰੇਡ ਕਰਮਚਾਰੀਆਂ ਦਾ ਕਹਿਣਾ ਸੀ ਕਿ ਪਲਾਈਵੁੱਡ ਨੂੰ ਬਣਾਉਣ ਵਾਲਾ ਕੈਮਿਕਲ ਬਹੁਤ ਜਵਲਣਸ਼ੀਲ ਹੁੰਦਾ ਹੈ ਅਤੇ ਪਾਣੀ ਨਾਲ ਅੱਗ ਉਪਰੋਂ ਤਾਂ ਬੁੱਝ ਜਾਂਦੀ ਪਰ ਕੈਮਿਕਲ ਕਾਰਨ ਅੱਗ ਦੀਆਂ ਲਪਟਾਂ ਹੇਠਾਂ ਤੋਂ ਫਿਰ ਤੋਂ ਉਪਰ ਆ ਜਾਂਦੀਆਂ ਹਨ। ਇਸ ਲੱਗੀ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਜਿਸ ਕਾਰਨ ਸਾਰੀ ਰਾਤ ਪਿੰਡ ਗਦਾਈਪੁਰ ਵਿੱਚ ਸਹਿਮ ਵਾਲਾ ਮਾਹੌਲ ਬਣਿਆ ਰਿਹਾ। ਅੱਗ ’ਤੇ ਸਵੇਰੇ 9 ਵਜੇ ਤੱਕ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਜਿਸ ਕਰਾਨ ਫੈਕਟਰੀ ਵਿੱਚ ਪਈ ਲੱਖਾਂ ਰੁਪਏ ਦੀ ਮਸ਼ੀਨਰੀ ਦੇ ਨਾਲ ਨਾਲ ਉਥੇ ਪਿਆ ਕੱਚਾ ਮਾਲ ਅਤੇ ਤਿਆਰ ਕੀਤੀ ਪਲਾਈਵੁੱਡ ਵੀ ਸੜ ਕੇ ਸੁਆਹ ਹੋ ਗਈ।
ਬੁਟੀਕ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਘੁਮਾਣ (ਪੱਤਰ ਪ੍ਰੇਰਕ) ਇੱਥੋਂ ਦੇ ਪੁਰਾਣੇ ਬਾਜ਼ਾਰ ਵਿੱਚ ਅੱਜ ਸਵੇਰੇ ਇੱਕ ਬੁਟੀਕ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਜ਼ੋ ਸਾਮਾਨ ਸੜ ਕੇ ਸੁਆਹ ਹੋ ਗਿਆ। ਬਟਾਲਾ ਤੋਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਜਾਣ ’ਤੇ ਅੱਗ ’ਤੇ ਮੁਸ਼ਕਲ ਨਾਲ ਕਾਬੂ ਪਾਇਆ। ਜਾਣਕਾਰੀ ਅਨੁਸਾਰ, ਕਿਰਪਾ ਬੁਟੀਕ ਦੀ ਮਾਲਕ ਰਿਤੂ ਬਾਲਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਅੱਠ ਵਜੇ ਆਪਣੀ ਦੁਕਾਨ ’ਤੇ ਆਮ ਦੀ ਤਰ੍ਹਾਂ ਸਫ਼ਾਈ ਕਰ ਕੇ ਘਰ ਗਈ ਸੀ ਤਾਂ, ਪਿੱਛੋਂ ਕਿਸੇ ਜਾਣਕਾਰ ਨੇ ਉਸ ਨੂੰ ਫੋਨ ’ਤੇ ਦੱਸਿਆ ਕਿ ਉਸ ਦੀ ਦੁਕਾਨ ਵਿੱਚੋਂ ਧੂੰਆਂ ਨਿੱਕਲ ਰਿਹਾ ਹੈ। ਜਦੋਂ ਦੁਕਾਨ ’ਤੇ ਆ ਕੇ ਉਸ ਨੇ ਦੇਖਿਆ ਤਾਂ ਅੱਗ ਦੀਆਂ ਲਪਟਾਂ ਉਠ ਰਹੀਆਂ ਸਨ। ਰਿਤੂ ਬਾਲਾ ਨੇ ਦੱਸਿਆ ਕਿ ਉਹ ਲੋਕਾਂ ਦੇ ਕੱਪੜੇ ਸਿਉਣ ਦੇ ਨਾਲ ਨਾਲ ਦੁਕਾਨ ’ਤੇ ਕੱਪੜੇ ਵੇਚਣ ਦਾ ਕੰਮ ਵੀ ਕਰਦੀ ਸੀ। ਜੋ ਸੜ ਕੇ ਸੁਆਹ ਹੋ ਗਿਆ। ਪੀੜਤਾ ਨੇ ਦੱਸਿਆ ਕਿ ਲਗਪਗ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।