ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਅਗਸਤ
ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਬੱਬਰ ਅਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਦਾਣਾ ਮੰਡੀ ’ਚ ਰੈਲੀ ਕਰਨ ਉਪਰੰਤ ਨੂਰਮਹਿਲ ਸ਼ਹਿਰ ’ਚ ਮਾਰਚ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੱਬਰ ਅਕਾਲੀ ਲਹਿਰ ਨੇ ਅੰਗਰੇਜ਼ ਸਾਮਰਾਜ ਖਿਲਾਫ ਸੰਘਰਸ਼ ਕਰਦਿਆਂ ਨੱਕ ’ਚ ਦਮ ਕੀਤਾ ਹੋਇਆ ਸੀ। ਫਾਂਸੀਆਂ ’ਤੇ ਚੜ੍ਹਨ ਲੱਗਿਆ ਸੀਅ ਤੱਕ ਨਾ ਕੀਤੀ। ਗ਼ਦਰ ਪਾਰਟੀ ਤੋਂ ਪ੍ਰਭਾਵਿਤ ਇਸ ਲਹਿਰ ਨੇ ‘ਬੱਬਰ ਅਕਾਲੀ ਦੋਆਬਾ’ ਪਰਚਾ ਕੱਢਿਆ। ਉਨ੍ਹਾਂ ਕਿਹਾ ਕਿ ਅੱਜ ਸਰਕਾਰਾਂ ਦੀਆਂ ਸਾਮਰਾਜਵਾਦੀ ਪੱਖੀ ਨੀਤੀਆਂ ਦਾ ਸਿੱਟਾ ਹੈ ਕਿ ਕਿਸਾਨ ਮਜ਼ਦੂਰ ਮੁਲਾਜ਼ਮ ਸਭ ਸੜਕਾਂ ’ਤੇ ਆਪਣੇ ਹੱਕਾਂ ਲਈ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਕਾਰਪੋਰੇਟ, ਸਾਮਰਾਜ ਅਤੇ ਦਲਾਲ ਹਾਕਮਾਂ ਖਿਲਾਫ ਹਿੱਕ ਡਾਅ ਕੇ ਖੜ੍ਹਾ ਹੋਇਆ ਹੈ। ਉਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਸਾਨੂੰ ਬਾਰਡਰਾਂ ’ਤੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਬੱਬਰ ਅਕਾਲੀ ਲਹਿਰ ਨੇ ਦੋਆਬੇ ’ਚ ਅੰਗਰੇਜ਼ ਸਾਮਰਾਜ ਦੀ ਜੜ੍ਹ ਹਿਲਾਈ ਸੀ ਉਸੇ ਤਰ੍ਹਾਂ ਮੋਦੀ ਹਕੂਮਤ ਦੀ ਜੜ੍ਹ ਪੁੱਟਣ ਲਈ ਇਸ ਅੰਦੋਲਨ ਨੂੰ ਮਜ਼ਬੂਤ ਕੀਤਾ ਜਾਵੇ।
ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਕਾਨਫਰੰਸ
ਨਵਾਂਸ਼ਹਿਰ (ਲਾਜਵੰਤ ਸਿੰਘ): ਕਿਰਤੀ ਕਿਸਾਨ ਯੂਨੀਅਨ ਵਲੋਂ ਬੱਬਰ ਅਕਾਲੀ ਲਹਿਰ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਟਰੈਕਟਰ ਮਾਰਚ ਅਤੇ ਕਾਨਫਰੰਸ ਕੀਤੀ ਗਈ। ਟਰੈਕਟਰ ਮਾਰਚ ਬੱਬਰ ਕਰਮ ਸਿੰਘ ਝਿੰਗੜਾਂ ਦੇ ਪਿੰਡ ਝਿੰਗੜ ਤੋਂ ਸ਼ੁਰੂ ਹੋਕੇ ਬੱਬਰ ਮਾਸਟਰ ਦਲੀਪ ਸਿੰਘ ਗੋਸਲ ਦੇ ਪਿੰਡ ਗੋਸਲਾਂ, ਬੰਗਾ, ਨਵਾਂਸ਼ਹਿਰ ਅਤੇ ਹੋਰ ਪਿੰਡਾਂ ਤੋਂ ਹੁੰਦਾ ਹੋਇਆ ਬੱਬਰ ਕਰਮ ਸਿੰਘ ਐਡੀਟਰ ਦੇ ਪਿੰਡ ਦੌਲਤਪੁਰ ਵਿੱਚ ਪੁੱਜਾ। ਇਸ ਦੌਰਾਨ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਵਿੱਚ ਕਾਨਫਰੰਸ ਕੀਤੀ ਗਈ।ਇਸ ਕਾਨਫਰੰਸ ਵਿਚ ਬੁਲਾਰਿਆਂ ਨੇ ਬੱਬਰ ਅਕਾਲੀ ਲਹਿਰ ਦੇ ਇਤਿਹਾਸ, ਬੱਬਰਾਂ ਦੀ ਰਾਜਸੀ ਲਾਈਨ, ਉਹਨਾਂ ਦੇ ਕੀਤੇ ਕੰਮ ਅਤੇ ਕੁਰਬਾਨੀਆਂ ਅਤੇ ਇਸ ਲਹਿਰ ਦੇ ਮਹੱਤਵ ਉੱਤੇ ਚਾਨਣਾ ਪਾਇਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਸਮੇਤ ਪਰਦੀਪ ਸਿੰਘ ਭੂਤਾਂ ਨੇ ਕਾਨਫਰੰਸ਼ ਨੂੰ ਸੰਬੋਧਨ ਕੀਤਾ। ਇਸ ਮੌਕੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।