ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 3 ਅਗਸਤ
ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਨੇੜੇ ਟਰੱਕ ਚਾਲਕਾਂ ਤੋਂ ਲੁਟੇਰੇ ਤੇਜ਼ਧਾਰ ਹਥਿਆਰ ਦਿਖਾ ਕੇ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਚਤਰ ਸਿੰਘ ਅਤੇ ਉਸ ਦੇ ਭਰਾ ਕੇਵਲ ਸਿੰਘ ਨੇ ਦੱਸਿਆ ਕਿ ਉਹ ਗੋਬਿੰਦਗੜ੍ਹ ਤੋਂ ਲੋਹੇ ਦਾ ਮਾਲ ਲੱਦ ਕੇ ਜੰਮੂ ਜਾ ਰਹੇ ਸਨ ਤੇ ਬੀਤੀ ਰਾਤ ਜਦੋਂ ਉਹ ਬਿਆਸ ਪਿੰਡ ਤੋਂ ਅੱਗੇ ਫੈਕਟਰੀ ਨੇੜੇ ਟਰੱਕ ਖੜ੍ਹੇ ਕਰਕੇ ਆਰਾਮ ਕਰ ਰਹੇ ਸਨ ਤਾਂ ਤਿੰਨ ਲੁਟੇਰਿਆਂ ਨੇ ਉਨ੍ਹਾਂ ਉਪਰ ਹਮਲਾ ਕਰਕੇ ਦੋਵਾਂ ਭਰਾਵਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ 42 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਲੁੱਟ ਲਏ। ਪੁਲੀਸ ਚੌਕੀ ਅਲਾਵਲਪੁਰ ਤੋਂ ਚੌਕੀ ਇੰਚਾਰਜ ਐੱਸਆਈ ਨਰਿੰਦਰ ਰਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।