ਨਿੱਜੀ ਪੱਤਰ ਪ੍ਰੇਰਕ
ਜਲੰਧਰ 16 ਮਈ
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਜਲੰਧਰ ਜ਼ਿਲ੍ਹੇ ਵਿੱਚ ਲੌਕਡਾਊਨ ਦੀਆਂ ਪਾਬੰਦੀਆਂ ਨੂੰ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਇਹ ਪਾਬੰਦੀਆਂ 21 ਮਈ ਤੱਕ ਲਾਗੂ ਰਹਿਣਗੀਆਂ। ਡਿਪਟੀ ਕਮਿਸ਼ਨਰ (ਜਲੰਧਰ) ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਫ਼ੈਸਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਦੌਰਾਨ ਵਿਸਥਾਰ ਨਾਲ ਹੋਏ ਵਿਚਾਰ ਵਟਾਂਦਰੇ ਉਪਰੰਤ ਜ਼ਿਲ੍ਹੇ ਵਿੱਚ ਕਰੋਨਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਲਿਆ ਗਿਆ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਗਤੀਵਿਧੀਆਂ ਅਤੇ ਜ਼ਰੂਰੀ ਤੇ ਗੈਰਜ਼ਰੂਰੀ ਦੁਕਾਨਾਂ ਖੋਲ੍ਹਣ ’ਤੇ ਪਾਬੰਦੀਆਂ 7 ਮਈ ਤੋਂ ਲਾਗੂ ਕੀਤੀਆਂ ਗਈਆ ਸਨ, ਜਿਨ੍ਹਾਂ ਨੂੰ ਅਗਲੇ ਸੱਤ ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨੂੰ ਜ਼ਿਲ੍ਹੇ ਵਿੱਚ ਕੋਵਿਡ-19 ਸਬੰਧੀ ਤਾਜ਼ਾ ਸਥਿਤੀ ਤੋਂ ਇਲਾਵਾ ਕੋਵਿਡਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਚਾਰ ਵਟਾਂਦਰੇ ਤੋਂ ਬਾਅਦ ਲੌਕਡਾਊਨ ਦੀਆਂ ਪਾਬੰਦੀਆਂ ਨੂੰ ਹੋਰ ਇਕ ਹਫ਼ਤੇ ਤੱਕ ਜਾਰੀ ਰੱਖਿਆ ਜਾਵੇਗਾ।
ਕਾਰਗਿਲ ਸ਼ਹੀਦ ਦੀ ਪਤਨੀ ਦੀ ਮੌਤ ਮਗਰੋਂ ਹੰਗਾਮਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਾਗਗਿਲ ਦੇ ਸ਼ਹੀਦ ਦੀ ਪਤਨੀ ਦੀ ਮੌਤ ਦਾ ਕਾਰਨ ਕਰੋਨਾ ਪਾਜ਼ੇਟਿਵ ਦੱਸਣ ’ਤੇ ਇਥੇ ਪ੍ਰਾਈਵੇਟ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਰੀਜ਼ ਨੂੰ ਹਾਈ ਬੱਲਡ ਪ੍ਰੈਸ਼ਰ ਤੇ ਟੱਟੀਆਂ ਲੱਗੀਆਂ ਹੋਈਆਂ ਸਨ ਪਰ ਹੁਣ ਕਰੋਨਾ ਪਾਜ਼ੇਟਿਵ ਦੱਸਿਆ ਜਾ ਰਿਹਾ ਹੈ। ਹੁੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਆਏ ਪ੍ਰਦੀਪ ਸਿੰਘ ਦੱਸਿਆ ਕਿ ਉਸ ਦਾ ਪਿਤਾ ਅਸ਼ੋਕ ਕੁਮਾਰ ਕਾਰਗਿਲ ਦੀ ਲੜਾਈ ’ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਮਾਤਾ ਰਾਜ ਕੁਮਾਰੀ ਦੀ ਸਿਹਤ ਠੀਕ ਨਹੀਂ ਸੀ ਤੇ ਉਸ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਲੈਕੇ ਆਏ ਸਨ। ਉਥੋਂ ਡਾਕਟਰਾਂ ਨੇ ਖਾਂਬਰਾ ਨੇੜਲੇ ਮਾਨ ਮੈਡੀਸਿਟੀ ਹਸਪਤਾਲ ਲਈ ਰੈਫਰ ਕਰ ਦਿੱਤਾ। ਉਨ੍ਹਾਂ ਦੀ ਮਾਤਾ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਸੀ ਪਰ ਹਸਪਤਾਲ ਵਾਲਿਆਂ ਨੇ ਉਸ ਨੂੰ ਕਰੋਨਾ ਵਾਰਡ ਵਿੱਚ ਰੱਖ ਕੇ ਇਲਾਜ ਕੀਤਾ। ਹੁਣ ਹਸਪਤਾਲ ਵੱਲੋਂ ਉਨ੍ਹਾਂ ਦੀ ਮਾਤਾ ਦੀ ਮੌਤ ਦਾ ਕਾਰਨ ਕਰੋਨਾ ਦੱਸਿਆ ਜਾ ਰਿਹਾ ਹੈ ਤੇ ਲਾਸ਼ ਦੇਣ ਤੋਂ ਨਾਂਹ ਕਰ ਰਹੇ ਹਨ। ਮ੍ਰਿਤਕ ਰਾਜ ਕੁਮਾਰੀ ਦੇ ਪਰਿਵਾਰਕ ਮੈਂਬਰਾਂ ਅਤੇ ਮਾਨ ਮੈਡੀਸਿਟੀ ਹਸਪਤਾਲ ਦੇ ਪ੍ਰਬੰਧਕਾਂ ਵਿਚਾਲੇ ਤਿੱਖੀ ਤਕਰਾਰ ਵੀ ਹੋਈ। ਘਟਨਾ ਸੀ ਸੂਚਨਾ ਮਿਲਦਿਆ ਹੀ ਥਾਣਾ ਸਦਰ ਜਮਸ਼ੇਰ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਐੱਸਐੱਚਓ ਨੇ ਦੱਸਿਆ ਕਿ ਮਾਨ ਮੈਡੀਸਿਟੀ ਵਿੱਚ ਬਹਿਸਬਾਜ਼ੀ ਹੋਈ ਤੇ ਮਾਮਲੇ ਨੂੰ ਸ਼ਾਂਤ ਕਰਦਿਆ ਪੀੜਤ ਪਰਿਵਾਰ ਲਾਸ਼ ਲੈਕੇ ਚਲਾ ਗਿਆ ਸੀ ਤੇ ਉਨ੍ਹਾਂ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਹੈ।