ਜੇ.ਬੀ.ਸੇਖੋਂ
ਗੜ੍ਹਸ਼ੰਕਰ, 6 ਸਤੰਬਰ
ਪਿਛਲੇ ਇਕ ਮਹੀਨੇ ਤੋਂ ਇਲਾਕੇ ਦੇ ਕਮਿਊਨਿਸਟ ਆਗੂਆਂ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਗੁਰਨੇਕ ਸਿੰਘ ਭੱਜਲ, ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਹੇਠ ਹੋਰ ਆਗੂਆਂ ਅਤੇ ਵਰਕਰਾਂ ਨੇ ਇਲਾਕੇ ਦੇ ਲਗਪਗ ਹਰ ਪਿੰਡ ਵਿੱਚ ਜਾ ਕੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਪ੍ਰਚਾਰ ਦੀ ਹਨੇਰੀ ਲਿਆ ਰੱਖੀ ਹੈ। ਰੋਜ਼ਾਨਾ ਦੋ ਚਾਰ ਪਿੰਡਾਂ ਵਿੱਚ ਨੁੱਕੜ ਇਕੱਠ ਕਰਕੇ ਕਮਿਊਨਿਸਟ ਆਗੂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ 2020, ਤੇਲ ਕੀਮਤਾਂ ਦੇ ਲਗਾਤਾਰ ਵਾਧੇ, ਨੀਲੇ ਕਾਰਡਾਂ ਵਿੱਚੋਂ ਲੋੜਵੰਦਾਂ ਲੋਕਾਂ ਦੇ ਨਾਮ ਕੱਟਣ, ਕਰੋਨਾ ਬੀਮਾਰੀ ਦਾ ਡਰ ਦੇ ਕੇ ਲੋਕਾਂ ਨੂੰ ਘਰਾਂ ਅੰਦਰ ਡੱਕਣ, ਟਰੈਫਿਕ ਨਿਯਮਾਂ ਦੀ ਉਲੰਘਣਾ ਤੇ ਭਾਰੀ ਜੁਰਮਾਨੇ ਅਤੇ ਹੋਰ ਨੀਤੀਆਂ ਖ਼ਿਲਾਫ਼ ਧੂੰਆਂਧਾਰ ਪ੍ਰਚਾਰ ਕਰ ਰਹੇ ਹਨ। ਅੱਜ ਉਕਤ ਆਗੂਆਂ ਵਲੋਂ ਪਿੰਡ ਰਾਮ ਪੁਰ, ਬਿਲੜੋਂ,ਚਾਹਿਲਪੁਰ,ਮੋਇਲਾ ਆਦਿ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ। ਇਸ ਮੌਕੇ ਸ੍ਰੀ ਮੱਟੂ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਨਿਰਵਿਘਨ ਰੱਖ ਕੇ ਇਸ ਦਾ ਘੇਰਾ ਸ਼ਹਿਰਾਂ ਤੱਕ ਵੀ ਵਧਾਇਆ ਜਾਵੇ, ਨੀਲੇ ਕਾਰਡ ਬਹਾਲ ਕੀਤੇ ਜਾਣ, ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਕਰੋਨਾ ਨਾਲ ਬਰਬਾਦ ਹੋਏ ਨਿੱਕੇ ਨਿੱਕੇ ਵਪਾਰੀਆਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਲਈ ਵਿਸ਼ੇਸ਼ ਆਰਥਿਕ ਰਾਹਤ ਐਲਾਨੀ ਜਾਵੇ। ਇਸ ਮੌਕੇ ਹਰਭਜਨ ਅਟਵਾਲ, ਕਾਮਰੇਡ ਅੱਛਰ ਸਿੰਘ, ਦਿਲਬਾਗ ਮਹਿਦੂਦ, ਕੈਪਟਨ ਕਰਨੈਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।