ਪੱਤਰ ਪ੍ਰੇਰਕ
ਗੜ੍ਹਸ਼ੰਕਰ, 3 ਜੁਲਾਈ
ਦੋਆਬਾ ਸਪੋਰਟਸ ਕਲੱਬ ਵੱਲੋਂ ਸਥਾਨਕ ਬੰਗਾ ਰੋਡ ’ਤੇ ਸਥਿਤ ਪਿੰਡ ਡਘਾਮ ਵਿੱਚ ਬੱਚਿਆਂ ਅਤੇ ਨੌਜਵਾਨਾਂ ਵਿੱਚ ਫੁਟਬਾਲ ਦੀ ਖੇਡ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ 30 ਦਿਨਾ ਫੁਟਬਾਲ ਸਮਰ ਕੈਂਪ ਸ਼ੁਰੂ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਫੁਟਬਾਲ ਕਿੱਟਾਂ ਵੰਡੀਆਂ ਗਈਆਂ। ਕੈਂਪ ਦੌਰਾਨ ਖਿਡਾਰੀਆਂ ਨੂੰ ਫੁਟਬਾਲ ਕੋਚ ਜਸਬੀਰ ਸਿੰਘ ਜੱਸੀ ਸਿਖਲਾਈ ਦੇਣਗੇ।
ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪਿੰਡ ਪੱਧਰ ’ਤੇ ਅਜਿਹੇ ਕੈਂਪ ਲਾਉਣ ਨਾਲ ਫੁੱਟਬਾਲ ਦੀ ਖੇਡ ਨੂੰ ਹੋਰ ਪ੍ਰਫੁੱਲਿਤ ਅਤੇ ਹਰਮਨ ਪਿਆਰਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਰ ਕੈਂਪ ਨੂੰ ਹੋਰ ਸਫਲ ਬਣਾਉਣ ਲਈ ਫੁਟਬਾਲ ਦੇ ਸਾਬਕਾ ਖਿਡਾਰੀਆਂ ਅਤੇ ਐਨ.ਆਰ.ਆਈ. ਸੱਜਣਾਂ ਨੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹਾਜ਼ਰ ਮਾਸਟਰ ਜਰਨੈਲ ਸਿੰਘ, ਲੈਕਚਰਾਰ ਮੋਹਨ ਸਿੰਘ, ਪਿੰਡ ਦੇ ਸਰਪੰਚ ਰਣਜੀਤ ਬੰਗਾ ਅਤੇ ਹੈਪੀ ਨੇ ਇਸ ਸਮਰ ਕੈਂਪ ਦੀ ਸਫਲਤਾ ਅਤੇ ਖਿਡਾਰੀਆਂ ਦੀ ਖੇਡ ਨੂੰ ਹੋਰ ਵਧੀਆ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।