ਹਰਪ੍ਰੀਤ ਕੌਰ
ਹੁਸ਼ਿਆਰਪੁਰ, 1 ਅਗਸਤ
ਖੇਤ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਇਕਾਈ ਵੱਲੋਂ ਸਥਾਨਕ ਮਿਨੀ ਸਕੱਤਰੇਤ ਬਾਹਰ ਮਹਿੰਦਰ ਕੁਮਾਰ ਭੀਲੋਵਾਲ ਤੇ ਨਛੱਤਰਪਾਲ ਸਿੰਘ ਖਰਲਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਖੇਤ ਮਜ਼ਦੂਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੁਰਮੇਸ਼ ਸਿੰਘ ਤੇ ਹਰਬੰਸ ਸਿੰਘ ਧੂਤ ਨੇ ਕਿਹਾ ਕਿ ਸਦੀਆਂ ਤੋਂ ਖੇਤ ਮਜ਼ਦੂਰ ਤਰਸਯੋਗ ਹਾਲਾਤ ’ਚ ਜੀਵਨ ਬਸਰ ਕਰਦੇ ਆ ਰਹੇ ਹਨ। ਉਨ੍ਹਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਨਾ ਤਾਂ ਕੇਂਦਰ ਤੇ ਨਾ ਹੀ ਸੂਬਾ ਸਰਕਾਰਾਂ ਨੇ ਕੁਝ ਕੀਤਾ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਕਾਮਿਆਂ ਨੂੰ 200 ਦਿਨ ਦਾ ਕੰਮ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ, 55 ਸਾਲ ਦੀ ਉਮਰ ਤੋਂ ਬਾਅਦ 5 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਅਤੇ ਸਾਰੇ ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ ਜਾਣ।
ਆਗੂਆਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਨਬਿੇੜਾ ਜਲਦੀ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸੰਯੁਕਤ ਸਕੱਤਰ ਆਸ਼ਾ ਨੰਦ, ਹੰਸ ਲਾਲ ਕੈਂਡੋਵਾਲ, ਬਲਦੇਵ ਰਾਜ, ਕੈਪਟਨ ਕਰਨੈਲ ਸਿੰਘ ਰਾਕੇਸ਼ ਮਹਿਦੂਦ, ਮੋਹਨ ਲਾਲ, ਸੋਮ ਰਾਜ, ਕੁਲਵਿੰਦਰ, ਵਿਜੇ ਸਿੰਘ, ਸੰਤੋਖ ਸਿੰਘ, ਰਾਮ ਕਿਸ਼ਨ, ਅਜੀਤ ਸਿੰਘ, ਰਘੁਵੀਰ ਸਿੰਘ, ਦਿਲਬਾਗ ਸਿੰਘ, ਮਹਿੰਦਰ ਸਿੰਘ, ਸ਼ੀਤਲ ਸਿੰਘ, ਬਲਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਵਿਰਦੀ ਆਦਿ ਸ਼ਾਮਿਲ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਖੇਤ ਮਜ਼ਦੂਰ ਸਭਾ ਦੇ ਝੰਡੇ ਹੇਠ ਅੱਜ ਕੌਮੀ ਸ਼ਾਹ ਮਾਰਗ ’ਤੇ ਰਸੂਲਪੁਰ ਨਹਿਰਾਂ ’ਤੇ ਇਕੱਠ ਕਰਕੇ ਮਜ਼ਦੂਰ ਵਰਗ ਦੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ ਗਈ| ਇਕੱਠ ਨੂੰ ਜਥਬੰਦੀ ਦੀ ਸੂਬਾ ਆਗੂ ਕਾਮਰੇਡ ਦੇਵੀ ਕੁਮਾਰੀ, ਸੁਖਦੇਵ ਸਿੰਘ ਕੋਟ ਧਰਮ ਚੰਦ, ਮਹਾਂਬੀਰ ਸਿੰਘ ਪੱਟੀ, ਸੁਖਦੇਵ ਸਿੰਘ ਗੋਹਲਵੜ੍ਹ, ਅੰਗਰੇਜ਼ ਸਿੰਘ ਰਟੌਲ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ| ਬੁਲਾਰਿਆਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਬੀਤ ਜਾਣ ’ਤੇ ਵੀ ਮਜ਼ਦੂਰ ਵਰਗ ਦੀ ਤਰਸਯੋਗ ਸਥਿਤੀ ’ਤੇ ਚਿੰਤਾ ਜ਼ਾਹਰ ਕੀਤੀ। ਬੁਲਾਰਿਆਂ ਪਿੰਡਾਂ ਅੰਦਰ ਵਿਕਾਸ ਦੇ ਕੰਮ ਤੇਜ਼ ਰਫਤਾਰ ਨਾਲ ਕੀਤੇ ਜਾਣ ਲਈ ਵਧੇਰੇ ਗਰਾਂਟਾਂ ਜਾਰੀ ਕੀਤੇ ਜਾਣ ਦੀ ਮੰਗ ਕੀਤੀ| ਬੁਲਾਰਿਆਂ ਮਗਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਹਾੜੀਆਂ, 600 ਰੁਪਏ ਦਿਹਾੜੀ ਅਤੇ ਦਿਹਾੜੀ ਨਾ ਦੇਣ ਤੇ ਬੇਰੁਜ਼ਗਾਰੀ ਭੱਤਾ ਦੇਣ ਦੀ ਮੰਗ ਕੀਤੀ| ਜਥੇਬੰਦੀ ਦੇ ਵਫਦ ਵਲੋਂ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਮੰਗ ਪੱਤਰ ਦਿੱਤਾ|