ਪਾਲ ਸਿੰਘ ਨੌਲੀ
ਜਲੰਧਰ, 31 ਜਨਵਰੀ
ਕਿਸਾਨੀ ਮੋਰਚਿਆਂ ਵਿੱਚ ਨਵੀਂ ਜਾਨ ਫੂਕਣ ਵਾਲੇ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਨੂੰ ਪੰਜਾਬ ਦੇ ਲੋਕਾਂ ਨੇ ਵੀ ਤੱਕੜਾ ਹੁੰਗਾਰਾ ਭਰਿਆ ਹੈ। ਗਦਰੀ ਬਾਬਿਆਂ ਦੇ ਪਿੰਡ ਕਾਲਾ ਸੰਘਿਆ ਵਿੱਚ ਅੱਜ ਸਿੰਘੂ ਬਾਰਡਰ ਲਈ ਰਵਾਨਾ ਹੋਏ ਕਿਸਾਨ ਆਪਣੇ ਪਿੰਡਾਂ ਦੇ ਖੇਤਾਂ ਦੀ ਮਿੱਟੀ ਦੀਆਂ 51 ਥੈਲੀਆਂ ਲੈ ਕੇ ਗਏ ਹਨ। ਕਾਲਾ ਸੰਘਿਆ ਕਸਬੇ ਦੇ ਗਦਰੀ ਬਾਬਾ ਹਰਨਾਮ ਸਿੰਘ ਦੀ ਜਾਇਦਾਦ ਅੰਗਰੇਜ਼ਾਂ ਨੇ ਜ਼ਬਤ ਕਰ ਲਈ ਸੀ। ਕਿਸਾਨ ਆਗੂ ਬਲਜੀਤ ਸਿੰਘ ਸੰਘਾ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਗਦਰੀ ਬਾਬਾ ਹਰਨਾਮ ਸਿੰਘ ਨੂੰ ਯਾਦ ਕਰਦਿਆਂ ਦੱਸਿਆ ਉਹ 20 ਸਾਲ ਤੱਕ ਕੈਦ ਰਹੇ ਸਨ। ਉਨ੍ਹਾਂ ਦੀ ਵਿਰਸਾਤ ਨੂੰ ਨਾਲ ਲੈ ਕੇ ਕਿਸਾਨੀ ਮੋਰਚਿਆਂ ਵਿੱਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਕਾਫਲਾ ਸਿੰਘੂ ਬਾਰਡਰ ਤੋਂ ਇਲਾਵਾ ਹੋਰਾਂ ਬਾਰਡਰਾਂ ’ਤੇ ਵੀ ਜਾਵੇਗਾ। ਕਸਬਾ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਤੋਂ 15 ਗੱਡੀਆਂ ਅਤੇ ਇਕ ਟਰੈਕਟਰ ਟਰਾਲੀ ਚ ਸਵਾਰ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋਏ।
ਮਾਨਸਰ (ਮਨਪ੍ਰੀਤ ਸਿੰਘ): ਮਾਨਸਰ ਟੌਲ ਪਲਾਜ਼ਾ ਤੋਂ ਕਿਸਾਨਾਂ ਦਾ ਕਾਫਲਾ ਦਿੱਲੀ ਸੰਘਰਸ਼ ਲਈ ਰਵਾਨਾ ਹੋਇਆ। ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਾਗੂ ਕੀਤੇ ਗਏ ਕਾਲੇ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਅਤੇ ਹੋਰ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਕਰਨ ਤੱਕ ਡਟੀਆਂ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਵੱਲੋਂ ਕਿਸਾਨੀ ਸੰਘਰਸ਼ ਲਈ ਲਾਮਬੰਦੀ ਕਰਨ, ਸੰਘਰਸ਼ ਦੀ ਮਜ਼ਬੂਤੀ ਅਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਤੋਂ ਜਾਣੂ ਕਰਵਾਉਣ ਵਾਸਤੇ 30 ਅਤੇ 31 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਖਤਰਾਏ ਦਰਜਨ ਤੋਂ ਵੱਧ ਪਿੰਡਾਂ ਵਿੱਚ ਗੱਡੀ ’ਤੇ ਸਪੀਕਰ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਦਿੱਲੀ ਜਾਣ ਲਈ ਬੇਨਤੀ ਕੀਤੀ।