ਪੱਤਰ ਪ੍ਰੇਰਕ
ਫਿਲੌਰ, 3 ਨਵੰਬਰ
ਜੰਡਿਆਲਾ ਮੰਜਕੀ ਤੋਂ ਬੜਾ ਪਿੰਡ ਤੱਕ ਦੀ ਸੜਕ ਦਾ ਮੰਦਾ ਹਾਲ ਹੋਣ ਕਾਰਨ ਇਲਾਕੇ ਦੀਆਂ ਪੰਚਾਇਤਾਂ ਨੇ ਪਿੰਡ ਬੰਡਾਲਾ ਵਿੱਚ ਸੜਕ ਜਾਮ ਕਰਕੇ ਧਰਨਾ ਦਿੱਤਾ। ਇਹ ਸੜਕ ਹਾਲ ਵਿੱਚ ਹੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ’ਤੇ ਰੱਖਣ ਦਾ ਚੰਨੀ ਸਰਕਾਰ ਨੇ ਐਲਾਨ ਕੀਤਾ ਸੀ। ਇਸ ਮੌਕੇ ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਚੁੱਕਦੇ ਹੋਏ ਸੜਕਾਂ ਦੇ ਮੰਦੇ ਹਾਲ, ਨਸ਼ਿਆਂ ਦੀ ਭਰਮਾਰ, ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦਾ ਜ਼ਿਕਰ ਕੀਤਾ। ਬੁਲਾਰਿਆਂ ਵਿੱਚ ਪਿੰਡ ਰੁੜਕਾ ਕਲਾਂ ਦੇ ਗੁਰਵਿੰਦਰ ਸਿੰਘ, ਟਰੇਡ ਯੂਨੀਅਨ ਆਗੂ ਸ਼ਿਵ ਕੁਮਾਰ ਤਿਵਾੜੀ, ਦਰਸ਼ਨ ਪਾਲ ਬੁੰਡਾਲਾ, ਮਾ. ਮੂਲ ਚੰਦ ਸਰਹਾਲੀ, ਗਿਆਨੀ ਪਵਿੱਤਰ ਸਿੰਘ ਖ਼ਾਲਸਾ ਰੁੜਕਾ ਕਲਾਂ, ਜਸਵਿੰਦਰ ਸਿੰਘ ਜੰਡਿਆਲਾ, ਕਾ. ਕੁਲਵੰਤ ਸਿੰਘ ਧਨੀ ਪਿੰਡ, ਸਰਪੰਚ ਭਾਰਦਵਾਜੀਆਂ ਰਾਜਿੰਦਰ ਕੁਮਾਰ ਬਿੱਟੂ, ਸਾਬਕਾ ਸਰਪੰਚ ਰੁੜਕਾ ਕਲਾਂ ਕਾ. ਮੇਲਾ ਸਿੰਘ, ਸਰਪੰਚ ਜੰਡਿਆਲਾ ਕਾ. ਮੱਖਣ ਪੱਲ੍ਹਣ, ਨੰਬਰਦਾਰ ਰਾਮ ਗੋਪਾਲ ਲਖਣਪਾਲ, ਡਾ. ਲੇਖਰਾਮ ਲਵਲੀ ਰੁੜਕਾ ਕਲਾਂ, ਸੁਖਪ੍ਰੀਤ ਜੌਹਲ ਜੰਡਿਆਲਾ ਸ਼ਾਮਲ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਨੂਰਮਹਿਲ ਅਨੁਦੀਪ ਨੇ ਮਸਲੇ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਪਰ ਧਰਨਾਕਾਰੀ ਸੰਤੁਸ਼ਟ ਨਹੀਂ ਹੋਏ। ਪੀਡਬਲਯੂਡੀ ਦੇ ਐੱਸਡੀਓ ਜਸਪ੍ਰੀਤ ਸਿੰਘ ਨੇ ਕਿਹਾ ਕਿ ਮਾਈਨਿੰਗ ਕਾਰਨ ਸੜਕ ਬਣਨ ’ਚ ਦੇਰੀ ਹੋ ਰਹੀ ਹੈ ਪਰ ਫਿਰ ਵੀ 20 ਨਵੰਬਰ ਤੱਕ ਸਾਰੀ ਸੜਕ ਦਾ ਪੈਚ ਵਰਕ ਪੂਰਾ ਕਰਵਾ ਦਿੱਤਾ ਜਾਵੇਗਾ। ਉਧਰ, ਇਲਾਕੇ ਦੀਆਂ ਪੰਚਾਇਤਾਂ ਤੇ ਆਗੂਆਂ ਨੇ ਕਿਹਾ ਕਿ ਕੰਮ ਸੰਤੋਸ਼ਜਨਕ ਨਾ ਕੀਤੇ ਜਾਣ ’ਤੇ 20 ਨਵੰਬਰ ਨੂੰ ਗੁਰਾਇਆ ਵਿੱਚ ਵੱਡਾ ਇਕੱਠ ਕਰਕੇ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਧਨੀ ਪਿੰਡ ਅਤੇ ਲਖਣਪਾਲ ’ਚ ਨਸ਼ੇ ਦੇ ਤਸਕਰਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਾ ਕਰਨ ’ਤੇ 5 ਨਵੰਬਰ ਨੂੰ ਧਨੀ ਪਿੰਡ ਵਿੱਚ ਧਰਨਾ ਲਗਾਉਣ ਦਾ ਐਲਾਨ ਕੀਤਾ। ਇਸ ਮੌਕੇ ਸਰਪੰਚ ਬੁੰਡਾਲਾ ਸਰਬਜੀਤ ਸਿੰਘ, ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਦੇਬੀ, ਸਰਪੰਚ ਕਾਹਨਾਂ ਢੇਸੀਆਂ ਮਨੋਜ ਕੁਮਾਰ, ਸੁਖਵਿੰਦਰ ਸਿੰਘ ਰਾਜਗੋਮਾਲ, ਸਰਪੰਚ ਧਨੀ ਪਿੰਡ ਰਾਮਗੋਪਾਲ, ਮੈਂਬਰ ਪੰਚਾਇਤ ਰੁੜਕਾ ਕਲਾਂ ਸੁਖਦੀਪ ਸਿੰਘ ਦੀਪਾ, ਗੁਰਿੰਦਰ ਸਿੰਘ ਰੁੜਕਾ ਕਲਾਂ, ਵਿਸ਼ਾਮਿੱਤਰ ਤਿਵਾੜੀ ਆਦਿ ਹਾਜ਼ਰ ਸਨ।