ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਜੁਲਾਈ
ਪਵਿੱਤਰ ਕਾਲੀ ਵੇਈਂ ਦੀ 25 ਜੁਲਾਈ 2021 ਨੂੰ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਮਨਾਉਣ ਲਈ ਚੱਲ ਰਹੀਆਂ ਤਿਆਰੀਆਂ ਦੌਰਾਨ ਨਿਰਮਲ ਕੁਟੀਆ ਸੁੁਲਤਾਨਪੁਰ ਲੋਧੀ ਵਿੱਚ ਇਸ ਸੰਬੰਧੀ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੇਈਂ ਦੇ ਕਿਨਾਰਿਆਂ ਦੀ ਲਗਤਾਰ ਸਫ਼ਾਈ ਰੱਖਣ ਅਤੇ ਸ਼ੁਰੂ ਹੋਏ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ 21 ਸਾਲਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੇ ਦੁਨੀਆਂ ਭਰ ਦੇ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੰਤ ਸੀਚੇਵਾਲ ਨੇ ਬਰਸਾਤਾਂ ’ਚ ਦਰਿਆਵਾਂ ਦੇ ਬੰਨ੍ਹਾਂ ’ਤੇ ਵੀ ਨਜ਼ਰਾਂ ਰੱਖਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਸੇਵਾਦਾਰਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਾਤਾਵਰਨ ਵਿੱਚ ਆ ਰਹੇ ਨਿਘਾਰ ਦੌਰਾਨ ਪਵਿੱਤਰ ਵੇਈਂ ਦੀ ਕਾਰ ਸੇਵਾ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਲੋਕਾਂ ਦਾ ਧਿਆਨ ਬੂਟੇ ਲਗਾਉਣ ਵੱਲ ਵਧਿਆ ਹੈ। ਮੀਟਿੰਗ ਦੌਰਾਨ ਪਵਿੱਤਰ ਵੇਈਂ ਦੀ ਸਫ਼ਾਈ ਦੇ ਨਾਲ-ਨਾਲ ਵੇਈਂ ਵਿੱਚ ਜਲਕੁੰਭੀ ਬੂਟੀ ਨੂੰ ਕੱਢਣ ਅਤੇ ਖ਼ਾਸ ਕਰ ਕੇ ਵੇਈਂ ’ਤੇ ਆਉਂਦੇ ਪੁਲਾਂ ਹੇਠੋਂ ਬੂਟੀ ਕੱਢਣ ਲਈ ਕਿਹਾ। ਮੀਟਿੰਗ ਵਿੱਚ ਸੇਵਾਦਰਾਂ ਨੂੰ ਡਿਊਟੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੇ 20 ਸਾਲਾਂ ਦੇ ਸ਼ਾਨਮੱਤੇ ਸਫਰ ਨੂੰ ਅੱਗੇ ਤੋਰਦਿਆਂ ਮਿਤੀ 25 ਜੁਲਾਈ 2021 ਨੂੰ ਪਵਿੱਤਰ ਕਾਲੀ ਵੇਈਂ ਦੀ 21ਵੀਂ ਵਰ੍ਹੇਗੰਢ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਜਿਸ ਵਿੱਚ ਆਏ ਹੋਏ ਮਹਾਂਪੁਰਸ਼ਾਂ ਅਤੇ ਵਿਦਵਾਨਾਂ ਵੱਲੋਂ ਪੰਜਾਬ ਨੂੰ ਪਵਿੱਤਰ ਕਾਲੀ ਵੇਈਂ ਤੇ ਪੰਜਾਬ ਨੂੰ ਵਾਤਾਵਰਨ ਪੱਖੋਂ ਤੋਂ ਹੋਰ ਬੇਹਤਰ ਬਣਾਉਣ ਲਈ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤੇਜਿੰਦਰ ਸਿੰਘ, ਸਰਪੰਚ ਜੋਗਾ ਸਿੰਘ , ਪ੍ਰਿੰਸੀਪਲ ਸਤਪਾਲ ਸਿੰਘ ਗਿੱਲ,ਕਾਮਰੇਡ ਹਰਭਜਨ ਸਿੰਘ ਤੇ ਹੋਰ ਇਲਾਕੇ ਦੇ ਸੇਵਾਦਰਾਂ ਹਾਜ਼ਰ ਸਨ।