ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 11 ਅਕਤੂਬਰ
ਥਾਣਾ ਬਿਲਗਾ ਦੀ ਪੁਲੀਸ ਪਾਰਟੀ ਨੇ ਮਾਈਨਿੰਗ ਕਰਨ ਵਾਲੇ 2 ਮੁਲਜ਼ਮਾਂ ਨੂੰ 3 ਟਰੈਕਟਰ ਟਰਾਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਐੱਸਆਈ ਦਲਵਾਰਾ ਸਿੰਘ ਸਮੇਤ ਪੁਲੀਸ ਪਾਰਟੀ ਥਾਣਾ ਬਿਲਗਾ ਤੋਂ ਤਲਵਣ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਬੱਸ ਅੱਡਾ ਤਲਵਣ ਪੁੱਜੇ ਤਾਂ ਉੱਥੇ ਅਮਰਜੀਤ ਜੇ.ਈ-ਕਮ ਮਾਈਨਿੰਗ ਇੰਸਪੈਕਟਰ ਬਿਸਤ ਦੋਆਬ ਉਪ ਮੰਡਲ ਜਲੰਧਰ ਸਮੇਤ ਹੋਰ ਕਰਮਚਾਰੀਆਂ ਦੇ ਹਾਜ਼ਰ ਸਨ, ਜਿਨ੍ਹਾਂ ਨੇ ਪਹਿਲਾਂ ਹੀ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਟਰੈਕਟਰ ਸਮੇਤ ਟਰਾਲੀ ਰੇਤੇ ਨਾਲ ਭਰੀ ਹੋਈ ਸੀ ਅਤੇ ਇਸਦਾ ਡਰਾਈਵਰ ਗੁਰਪ੍ਰੀਤ ਪੁੱਤਰ ਗੁਰਨਾਮ ਦਾਸ ਵਾਸੀ ਫੁਲਪੁਰ ਕਲੋਨੀ ਥਾਣਾ ਸਦਰ ਜਲੰਧਰ, ਦੂਜਾ ਟਰੈਕਟਰ ਟਰਾਲੀ ਰੇਤੇ ਨਾਲ ਭਰੀ ਦਾ ਡਰਾਈਵਰ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬੈਕਿੰਗ ਐਨਕਲੇਵ ਕੁੱਕੀ ਅਤੇ ਤੀਜਾ ਟਰੈਕਟਰ ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ, ਦਾ ਚਾਲਕ ਮੌਕਾ ਤੋਂ ਫਰਾਰ ਹੋ ਗਿਆ। ਇਨ੍ਹਾਂ ਕਾਬੂ ਕੀਤੇ ਮੁਲਜ਼ਮਾਂ ਨੂੰ ਅਮਰਜੀਤ ਜੇ.ਈ-ਕਮ ਮਾਈਨਿੰਗ ਇੰਸਪੈਕਟਰ ਬਿਸਤ ਦੋਆਬ ਉਪ ਮੰਡਲ ਜਲੰਧਰ ਨੇ ਐੱਸਆਈ ਦਲਵਾਰਾ ਸਿੰਘ ਦੇ ਹਵਾਲੇ ਕੀਤੇ। ਇਸ ਮਗਰੋਂ ਜਿਸ ’ਤੇ ਮੁਲਜ਼ਮ ਗੁਰਪ੍ਰੀਤ ਪੁੱਤਰ ਗੁਰਨਾਮ ਦਾਸ ਵਾਸੀ ਫੁਲਪੁਰ ਕਲੋਨੀ ਥਾਣਾ ਸਦਰ ਜਲੰਧਰ ਅਤੇ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬੈਕਿੰਗ ਐਨਕਲੇਵ ਕੁੱਕੀ ਢਰਬ ਥਾਣਾ ਡਵੀਜ਼ਨ ਨੰਬਰ 07 ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।