ਭਗਵਾਨ ਦਾਸ ਸੰਦਲ
ਦਸੂਹਾ, 31 ਅਕਤੂਬਰ
ਇਥੇ ਡੇਂਗੂ ਅਤੇ ਵਾਇਰਲ ਬੁਖਾਰ ਕਾਰਨ ਪਲੇਟਲੈੱਸ ਘਟਣ ਕਰਕੇ ਮਰੀਜ਼ਾਂ ਦੀ ਨਫਰੀ ’ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ ਕਰੀਬ ਡੇਢ ਹਜ਼ਾਰ ਤੱਕ ਪੁੱਜ ਚੁੱਕੀ ਹੈ ਜਿਨ੍ਹਾਂ ਵਿੱਚੋਂ ਸ਼ਹਿਰ ਦੇ ਮੁਹੱਲਾ ਕੈਂਥਾਂ, ਮਹਾਜਨਾਂ, ਵਾਲਮੀਕ, ਬੱਸੀਆਂ ਤੇ ਪ੍ਰਜਾਪਤੀ ਸਮੇਤ ਨੇੜਲੇ ਪਿੰਡਾਂ ’ਚ ਡੇਂਗੂ ਅਤੇ ਵਾਇਰਲ ਬੁਖਾਰ ਨਾਲ ਝੰਬੇ ਸੈਂਕੜੇ ਮਰੀਜ਼ ਨਿੱਜੀ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਹਨ। ਭਾਵੇਂ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਤੋਂ ਹੀ ਇਲਾਜ ਕਰਵਾਉਣ ਦੀ ਤਕੀਦ ਕੀਤੀ ਜਾ ਰਹੀ ਹੈ ਪਰ ਸਿਵਲ ਹਸਪਤਾਲ ’ਚ ਪਲੇਟਲੈਟਸ ਉਪਲਭਧ ਨਾ ਹੋਣ ਕਾਰਨ, ਮਰੀਜ਼ਾਂ ਦੀ ਖੱਜਲ ਖਰਾਬੀ ਅਤੇ ਸੁਣਵਾਈ ਨਾ ਹੋਣ ਕਾਰਨ ਲੋਕ ਆਪਣਾ ਇਲਾਜ ਨਿੱਜੀ ਹਸਪਤਾਲਾਂ ’ਚ ਹੀ ਕਰਵਾ ਰਹੇ ਹਨ। ਨਗਰ ਕੌਂਸਲ ਵੱਲੋਂ ਵੀ ਫੋਗਿੰਗ ਕਰਵਾਉਣ ਦਾ ਢੁਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਡੇਂਗੂ ਬੁਖਾਰ ਦੇ ਚੱਲਦਿਆਂ ਬਕਰੀ ਦੇ ਦੁਧ ਦੀ ਮੰਗ ’ਚ ਭਾਰੀ ਵਾਧਾ ਹੋਇਆ ਹੈ। ਮੁਹੱਲਾ ਮਹਾਜਨਾਂ ਦੇ ਵਸਨੀਕ ਰਿੰਕੂ ਮਹਿਰਾ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਪਲੇਟਲੈਟਸ ਘੱਟ ਗਏ ਸਨ ਤੇ ਉਸ ਨੂੰ 500 ਰੁਪਏ ਕਿਲੋ ਦੇ ਹਿਸਾਬ ਨਾਲ ਬਕਰੀ ਦਾ ਦੁਧ ਖਰੀਦਣਾ ਪੈ ਰਿਹਾ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਪੁਰੀ ਨੇ ਕਿਹਾ ਕਿ ਹਸਪਤਾਲ ਵਿੱਚ ਡੇਂਗੂ ਅਤੇ ਵਾਇਰਲ ਬੁਖਾਰ ਨਾਲ ਨਜਿੱਠਣ ਦੇ ਪੁਖਤਾ ਪ੍ਰਬੰਧ ਹਨ ਅਤੇ ਵੱਖਰੀ ਵਾਰਡ ਬਣਾ ਕੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੇ ਮਰੀਜ਼ਾਂ ਦੀ ਰਿਪੋਰਟ ਸਿਵਲ ਹਸਪਤਾਲ ਭੇਜੀ ਜਾਵੇ।
ਸ਼ਾਹਕੋਟ ’ਚ ਡੇਂਗੂ ਦੇ ਚਾਰ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਚੌਕਸ ਼
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਐਸ.ਐਮ.ਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬਲਾਕ ਵਿਚ ਇਸ ਸਮੇਂ ਡੇਂਗੂ ਦੇ 4 ਕੇਸ ਐਕਟਿਵ ਹਨ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦਾ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਤੇ ਡੇਂਗੂ ਦੀ ਰੋਕਥਾਮ ਲਈ ਜੰਗੀ ਪੱਧਰ ’ਤੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਡੇਂਗੂ ਤੋਂ ਚੌਕਸ ਕਰਨ ਦੇ ਨਾਲ-ਨਾਲ ਘਰਾਂ ਵਿਚ ਸਾਫ ਸਫਾਈ ਦੀ ਵੀ ਜਾਂਚ ਕਰ ਰਹੀਆਂ ਹਨ। ਡੇਂਗੂ ਦੇ ਲੱਛਣਾਂ ਬਾਰੇ ਦੱਸਦਿਆਂ ਡਾ. ਦੁੱਗਲ ਨੇ ਕਿਹਾ ਕਿ ਠੰਢ ਨਾਲ ਤੇਜ਼ ਬੁਖਾਰ, ਸਿਰ ਦਰਦ ਉਲਟੀਆਂ ਅਤੇ ਭਾਰੀ ਥਕਾਵਟ ਹੋਣੀ ਇਸ ਦੇ ਮੁੱਕ ਲੱਛਣ ਹਨ। ਅਜਿਹੇ ਮਰੀਜ਼ਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਉਨ੍ਹਾਂ ਦਾ ਇਲਾਜ ਸ਼ੁਰੂ ਹੋ ਸਕੇ।