ਸੁਰਜੀਤ ਮਜਾਰੀ
ਬੰਗਾ, 11 ਸਤੰਬਰ
ਐੱਸੀਸੀ/ਬੀਸੀ ਅਧਿਆਪਕ ਯੂਨੀਅਨ ਅਤੇ ਲੋਕ ਏਕਤਾ ਫਰੰਟ ਦੇ ਸਾਂਝੇ ਬੈਨਰ ਹੇਠ ਕਰਵਾਏ ਗਏ ਸਮਾਗਮ ਦੌਰਾਨ ਸਟੇਟ ਐਵਾਰਡੀ ਡਾ. ਬਿੰਦੂ ਕੈਂਥ ਅਤੇ ਯੂਐੱਨਓ ਤੋ ਸਨਮਾਨ ਪ੍ਰਾਪਤ ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਮ ਕਿਸ਼ਨ ਪੱਲੀ ਝਿੱਕੀ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਨੇ ਦੋਵਾਂ ਸ਼ਖ਼ਸੀਅਤਾਂ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੀ ਘਾਲਣਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਧਿਆਪਕ ਵਰਗ ਦਾ ਮਾਣ ਦੱਸਿਆ। ਪ੍ਰਿੰਸੀਪਲ ਜਸਵੀਰ ਸਿੰਘ ਅਤੇ ਕ੍ਰਿਸ਼ਨ ਖਟਕੜ ਨੇ ਕਿਹਾ ਕਿ ਅਧਿਆਪਕ ਵਰਗ ਸਮਾਜਿਕ ਮਜ਼ਬੂਤੀ ਦਾ ਵੱਡਾ ਅਧਾਰ ਹਨ। ਸਨਮਾਨ ਪ੍ਰਾਪਤ ਕਰਨ ਮਗਰੋਂ ਡਾ. ਬਿੰਦੂ ਕੈਂਥ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਨੇ ਦੋਵਾਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਹੋਰ ਮਿਹਨਤ ਨਾਲ ਕਾਰਜ ਕਰਨ ਦਾ ਅਹਿਦ ਲਿਆ। ਮੰਚ ਦਾ ਸੰਚਾਲਨ ਸੁਰਜੀਤ ਸੈਂਪਲੇ ਨੇ ਕੀਤਾ। ਇਸ ਮੌਕੇ ਮੱਖਣ ਬਖ਼ਲੌਰ, ਹਰਬਲਾਸ ਬੰਗਾ, ਪਰਮਿੰਦਰ ਭੰਗਲ, ਰਾਮ ਲਾਲ ਭੂਤਾਂ, ਸਤਵੀਰ ਸਿੰਘ ਤੇ ਹੋਰ ਹਾਜ਼ਰ ਸਨ।