ਨਿੱਜੀ ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਜਲੰਧਰ/ਕਪੂਰਥਲਾ, 7 ਜੂਨ
ਪੁਲੀਸ ਨਾਕੇ ਦੌਰਾਨ ਏਐੱਸਆਈ ਠਾਕੁਰ ਸਿੰਘ ’ਤੇ ਗੱਡੀ ਚੜ੍ਹਾ ਕੇ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਨਸ਼ਾ ਤਸਕਰ ਕੋਲੋਂ ਪੁਲੀਸ ਨੇ ਹੈਰੋਇਨ, ਆਈਸ ਤੇ ਹਥਿਆਰ ਬਰਾਮਦ ਕੀਤੇ ਹਨ। ਐੱਸਐੱਸਪੀ ਕਪੂਰਥਲਾ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਹਰਕੀਰਤ ਸਿੰਘ ਉਰਫ ਸਾਗਰ ਵਾਸੀ ਬਾਬਾ ਈਸ਼ਰ ਸਿੰਘ ਕਾਲੋਨੀ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਕੋਲੋਂ 200 ਗ੍ਰਾਮ ਹੈਰੋਇਨ, 100 ਗ੍ਰਾਮ ਆਈਸ, 1 ਪਿਸਤੌਲ 32 ਬੋਰ ਮੈਗੀਜ਼ੀਨ ਵਾਲਾ ਤੇ 2 ਕਾਰਤੂਸ ਬਰਾਮਦ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਸੀਆਈਏ ਸਟਾਫ਼ ਕਪੂਰਥਲਾ ਅਤੇ ਐੱਸਆਈ ਜਸਵੀਰ ਸਿੰਘ ਵੱਲੋਂ ਹਰਕੀਰਤ ਸਿੰਘ ਨੂੰ ਕਾਬੂ ਕੀਤਾ ਗਿਆ। ਉਸ ਵਿਰੁੱਧ ਮੁਕੱਦਮਾ ਨੰਬਰ 125, ਐੱਨਡੀਪੀਐੱਸ ਐਕਟ ਦੀ ਧਾਰਾ 21/61/85 ਅਤੇ 353/186 ਅਤੇ ਅਸਲਾ ਐਕਟ ਤਹਿਤ ਥਾਣਾ ਸਿਟੀ ਕਪੂਰਥਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਦਿੱਲੀ ਚਾਂਦਨੀ ਚੌਕ, ਪਿੱਲਰ ਨੰਬਰ 622 ਤੋਂ ਮਾਈਕਲ ਉਰਫ਼ ਲਿੱਲੀ ਨਾਂ ਦੇ ਇਕ ਨੀਗਰੋ ਤੋਂ ਹੈਰੋਇਨ ਅਤੇ ਆਈਸ ਖਰੀਦ ਕੇ ਅੱਗੇ ਗਾਹਕਾਂ ਨੂੰ ਵੇਚਦਾ ਸੀ। ਉਸ ਨੇ ਬਰਾਮਦ ਕੀਤਾ ਪਿਸਤੌਲ ਜੱਗਾ ਵਾਸੀ ਦਿੱਲੀ ਕੋਲੋਂ 45 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਨੂੰ ਇਤਲਾਹ ਮਿਲੀ ਸੀ ਕਿ ਹਰਕੀਰਤ ਸਿੰਘ ਆਪਣੀ ਕਾਰ ਨੰਬਰ ਪੀਬੀ 09 ਯੂ 7380 ’ਤੇ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਨ ਆ ਰਿਹਾ ਹੈ, ਜਿਸ ’ਤੇ ਸੀਆਈਏ ਸਟਾਫ਼ ਵੱਲੋਂ ਸਬੰਧਤ ਖੇਤਰ ਦੀ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਤਲਾਹ ਸਾਇੰਸ ਸਿਟੀ ਚੌਕੀ ਨੂੰ ਦਿੱਤੀ ਗਈ ਪਰ ਹਰਕੀਰਤ ਸਿੰਘ ਨੇ ਸਾਇੰਸ ਸਿਟੀ ਕੋਲ ਏਐੱਸਆਈ ਠਾਕੁਰ ਸਿੰਘ ਉੱਪਰ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਉਸ ਦੀ ਸੱਜੀ ਲੱਤ ’ਤੇ ਸੱਟ ਲੱਗੀ। ਉਨ੍ਹਾਂ ਕਿਹਾ ਕਿ ਏਐੱਸਆਈ ਠਾਕੁਰ ਸਿੰਘ ਦੇ ਬਿਆਨਾਂ ਤੇ ਹਰਕੀਰਤ ਸਿੰਘ ਖ਼ਿਲਾਫ਼ ਧਾਰਾ 307,353,186 ਅਤੇ 427 ਤਹਿਤ ਮੁਕੱਦਮਾ ਨੰਬਰ 63 ਥਾਣਾ ਸਦਰ ਕਪੂਰਥਲਾ ਵਿੱਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਉੱਪਰ ਨਸ਼ਾ ਤਸਕਰੀ ਦੇ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ ਤੇ ਜ਼ਮਾਨਤ ਉੱਪਰ ਆਉਣ ਉਪਰੰਤ ਉਹ ਗੱਡੀ ਰਾਹੀਂ ਦਿੱਲੀ ਤੋਂ ਜਲੰਧਰ ਨਸ਼ੇ ਦੀ ਤਸਕਰੀ ਕਰਦਾ ਸੀ।
ਜੇਸੀਬੀ ਤੇ ਮਿੱਟੀ ਦੀ ਭਰੀ ਟਰਾਲੀ ਸਣੇ ਦੋ ਕਾਬੂ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ) ਥਾਣਾ ਸਦਰ ਬਲਾਚੌਰ ਦੀ ਪੁਲੀਸ ਨੇ ਇੱਕ ਜੇਸੀਬੀ ਮਸ਼ੀਨ ਤੇ ਮਿੱਟੀ ਦੀ ਭਰੀ ਟਰੈਕਟਰ ਟਰਾਲੀ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਾਈਨਿੰਗ ਇੰਸਪੈਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਮੁਲਾਜ਼ਮਾਂ ਨਾਲ ਇਲਾਕੇ ਦੀ ਚੈਕਿੰਗ ਕਰ ਰਿਹਾ ਸੀ। ਇਸ ਦੌਰਾਨ ਏਐੱਸਆਈ ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਗਹੂੰਣ ’ਚ ਖੇਤਾਂ ਵਿੱਚ ਮਿੱਟੀ ਦੀ ਖੁਦਾਈ ਕਰ ਰਹੀ ਇੱਕ ਜੇਸੀਬੀ ਮਸ਼ੀਨ ਤੇ ਟਰੈਕਟਰ-ਟਰਾਲੀ ਫੜੀ ਹੈ। ਇਨ੍ਹਾਂ ਦੇ ਡਰਾਈਵਰਾਂ ਦਾ ਨਾਂ ਪਤਾ ਪੁੱਛਣ ’ਤੇ ਉਨ੍ਹਾਂ ਆਪਣਾ ਨਾਂ ਸ਼ਿਵ ਮੰਦਰ ਬਲਾਚੌਰ ਵਾਸੀ ਹੀਰਾ ਲਾਲ ਤੇ ਮਹਿਮੂਦਪੁਰ ਗਾਦੜੀਆਂ ਵਾਸੀ ਗੁਰਦੀਪ ਸਿੰਘ ਦੱਸਿਆ। ਇਸ ਸਬੰਧੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।