ਪਾਲ ਸਿੰਘ ਨੌਲੀ
ਜਲੰਧਰ, 14 ਅਕਤੂਬਰ
ਹਾਥਰਸ ਦੀ ਘਟਨਾ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਨੇ ਅੱਜ ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਜਲੰਧਰ ਵਿਚਲੇ ਘਰ ਦਾ ਘਿਰਾਓ ਕੀਤਾ। ਪੰਜਾਬ ਯੂਥ ਕਾਂਗਰਸ ਦੇ ਸੂਬਾਈ ਉਪ ਪ੍ਰਧਾਨ ਬੰਨੀ ਖਹਿਰਾ ਤੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲੀਸ ਨੇ ਹੰਸ ਰਾਜ ਹੰਸ ਦੀ ਕੋਠੀ ਦੇ ਨੇੜੇ ਬੈਰੀਕੇਡ ਲਾ ਕੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਯੂਥ ਕਾਂਗਰਸ ਦੇ ਵਰਕਰਾਂ ਨਾਲੋਂ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਗਿਣਤੀ ਕਿਤੇ ਵੱਧ ਸੀ। ਯੂਥ ਕਾਂਗਰਸ ਦੇ ਵਰਕਰਾਂ ਦੀ ਗਿਣਤੀ ਘੱਟ ਹੋਣ ਪਿੱਛੇ ਪਾਰਟੀ ਅੰਦਰਲੀ ਧੜੇਬੰਦੀ ਦੱਸਿਆ ਜਾ ਰਿਹਾ ਹੈ। ਕਈ ਯੂਥ ਵਰਕਰ ਤੇ ਆਗੂ ਸ਼ਹਿਰ ਵਿੱਚ ਹੋਣ ਦੇ ਬਾਵਜੂਦ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਨਹੀਂ ਹੋਏ।
ਸੀਨੀਅਰ ਆਗੂ ਅਸ਼ਵਨ ਭੱਲਾ, ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ ਦੀ ਅਗਵਾਈ ’ਚ ਯੂਥ ਵਰਕਰ ਡਾ. ਬੀਆਰ ਅੰਬੇਡਕਰ ਚੌਕ ’ਚ ਬਾਬਾ ਸਾਹਿਬ ਦੇ ਬੁੱਤ ਅੱਗੇ ਨਤਮਸਤਕ ਹੋਣ ਤੋਂ ਬਾਅਦ ਰੋਸ ਮਾਰਚ ਕੱਢਿਆ ਗਿਆ। ਯੂਥ ਕਾਂਗਰਸ ਦੇ ਰੋਸ ਮਾਰਚ ਕਾਰਨ ਤਿੰਨ-ਚਾਰ ਐਂਬੂਲੈਂਸਾਂ ਵੀ ਫਸੀਆਂ ਰਹੀਆਂ। ਵਾਈਸ ਪ੍ਰਧਾਨ ਬੰਨੀ ਖਹਿਰਾ ਨੇ ਦੱਸਿਆ ਕਿ ਦਲਿਤ ਹੋਣ ਦੇ ਬਾਵਜੂਦ ਹੰਸ ਰਾਜ ਹੰਸ ਤੇ ਭਾਜਪਾ ਦੇ ਹੋਰ ਆਗੂਆਂ ਨੇ ਵੀ ਹਾਥਰਸ ਦੀ ਘਟਨਾ ਬਾਰੇ ਆਪਣੀ ਜ਼ੁਬਾਨ ਨਹੀਂ ਖੋਲ੍ਹੀ। ੳਨ੍ਹਾਂ ਕਿਹਾ ਕਿ ਜੇ ਭਾਜਪਾ ਦੇ ਆਗੂ ਹਾਥਰਸ ਦੀ ਘਟਨਾ ਵਿਰੁੱਧ ਨਾ ਬੋਲੇ ਤਾਂ ਉਨ੍ਹਾਂ ਦੇ ਘਰਾਂ ਦਾ ਘਿਰਾਓ ਲਗਾਤਾਰ ਜਾਰੀ ਰਹੇਗਾ।