ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਮਾਰਚ
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵੱਲੋਂ ਕਰਵਾਏ ਸਮਾਗਮ ਦੌਰਾਨ ਪਹਿਲਾ ‘ਹਰਨਾਮ ਦਾਸ ਸਹਿਰਾਈ ਐਵਾਰਡ’ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਨੂੰ ਦਿੱਤਾ ਗਿਆ। ਸਭਾ ਵੱਲੋਂ ਉਨ੍ਹਾਂ ਨੂੰ 11 ਹਜ਼ਾਰ ਰੁਪਏ ਨਕਦ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਤੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕੀਤੀ। ਐਵਿਸ ਪਬਲੀਕੇਸ਼ਨ ਦਿੱਲੀ ਵੱਲੋਂ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਰਨਾਮ ਦਾਸ ਸਹਿਰਾਈ ਦੇ ਪੁੱਤਰ ਕੁਲਦੀਪ ਰਾਏ ਚੌਹਾਨ ਵਿਸ਼ੇਸ਼ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਪਰਿਵਾਰ ਸਮੇਤ ਸ਼ਾਮਲ ਸਨ। ਇਸ ਮੌਕੇ ਸਭਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਦੀ ਪੁਸਤਕ ‘ਅਦਬੀ ਗੱਲਾਂ’, ਜਗਤਾਰ ਸਿੰਘ ਭੁੱਲਰ ਦੀ ਪੁਸਤਕ ‘ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ’ ਤੇ ਡਾ. ਬਲਦੇਵ ਸਿੰਘ ਬੱਧਣ ਵਲੋਂ ਡਾ. ਭੀਮ ਰਾਓ ਅੰਬੇਡਕਰ ਬਾਰੇ ਅਨੁਵਾਦਿਤ ਪੁਸਤਕ ਲੋਕ ਅਰਪਿਤ ਕੀਤੀਆਂ ਗਈਆਂ। ਆਸ਼ੀ ਈਸਪੁਰੀ, ਹਰਭਜਨ ਸਿੰਘ ਨਾਹਲ, ਹਿੰਦਪਾਲ ਸਿੰਘ, ਜਗਦੀਸ਼ ਰਾਣਾ, ਡਾ. ਰਾਮ ਮੂਰਤੀ ਨੇ ਆਪਣੀਆਂ ਕਾਵਿ ਰਚਨਾਵਾਂ ਸਰੋਤਿਆਂ ਨਾਲ ਸਾਝੀਆਂ ਕੀਤੀਆਂ।