ਪੱਤਰ ਪ੍ਰੇਰਕ
ਤਲਵਾੜਾ, 22 ਜੁਲਾਈ
ਹਾਜੀਪੁਰ ਪੁਲੀਸ ਨੇ ਪਿੰਡ ਬੇਲਾ ਸਰਿਆਣਾ ’ਚ ਹੋਏ ਅੰਨ੍ਹੇ ਕਤਲ ਕੇਸ ਦੇ ਸਿਲਸਿਲੇ ’ਚ ਸਾਬਕਾ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਮੁਤਾਬਕ ਮੁਲਜ਼ਮ ਮਨਜੀਤ ਸਿੰਘ ਨੇ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਹੋਣ ’ਤੇ ਰਮਨ ਕੁਮਾਰ ਦਾ ਕਤਲ ਕੀਤਾ ਸੀ। ਡੀਐਸਪੀ ਮੁਕੇਰੀਆਂ ਰਵਿੰਦਰ ਸਿੰਘ ਅਤੇ ਥਾਣਾ ਹਾਜੀਪੁਰ ਮੁਖੀ ਲੋਮੇਸ਼ਸ ਸ਼ਰਮਾ ਨੇ ਦੱਸਿਆ ਕਿ ਲੰਘੀ 13 ਤਰੀਕ ਨੂੰ ਪਿੰਡ ਬੇਲਾ ਸਰਿਆਣਾ ਦੀ ਪੱਤੀ ਰਾਮ ਨਗਰ ਦਾ ਰਮਨ ਕੁਮਾਰ ਪੁੱਤਰ ਮਦਨ ਲਾਲ ਅਚਾਨਕ ਘਰੋਂ ਗਾਇਬ ਹੋ ਗਿਆ ਸੀ। ਮਦਨ ਲਾਲ ਨੇ ਇਸ ਸਬੰਧੀ ਗੁੰਮਸ਼ੁਦਗੀ ਰਿਪੋਰਟ ਥਾਣਾ ਹਾਜੀਪੁਰ ਵਿਖੇ ਦਰਜ ਕਰਵਾਈ ਸੀ, ਪੁਲੀਸ ਨੇ 16 ਤਰੀਕ ਨੂੰ ਰਮਨ ਕੁਮਾਰ ਦੀ ਲਾਸ਼ ਪਿੰਡ ਬੇਲਾ ਸਰਿਆਣਾ ਦੇ ਨਜ਼ਦੀਕ ਬਿਆਸ ਦਰਿਆ ਦੀ ਡ੍ਰੇਨ ’ਚੋਂ ਬਰਾਮਦ ਕੀਤੀ ਸੀ। ਮਦਨ ਲਾਲ ਦੇ ਬਿਆਨਾਂ ’ਤੇ ਪੁਲੀਸ ਨੇ ਸਾਬਕਾ ਫ਼ੌਜ਼ੀ ਮਨਜੀਤ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਬੇਲਾ ਸਰਿਆਣਾ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਵੱਲੋਂ ਕੀਤੀ ਮੁੱਢਲੀ ਪੁੱਛ ਪੜਤਾਲ ਦੌਰਾਨ ਮਨਜੀਤ ਸਿੰਘ ਨੇ ਮੰਨਿਆ ਕਿ ਉਸ ਨੇ ਰਮਨ ਕੁਮਾਰ ਦਾ ਕਤਲ ਕੀਤਾ ਸੀ, ਉਸ ਨੇ ਦੱਸਿਆ ਕਿ ਰਮਨ ਕੁਮਾਰ ’ਤੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ, 13 ਤਰੀਕ ਨੂੰ ਉਸ ਨੇ ਰਮਨ ਕੁਮਾਰ ਨੂੰ ਬੀਅਰ ਪੀਣ ਦੇ ਬਹਾਨੇ ਖੇਤਾਂ ’ਚ ਸੱਦਿਆ ਸੀ , ਜਿੱਥੇ ਉਸ ਦਾ ਕਤਲ ਕਰਕੇ ਲਾਸ਼ ਨੂੰ ਡ੍ਰੇਨ ’ਚ ਸੁੱਟ ਦਿੱਤਾ ਸੀ। ਪੁਲੀਸ ਵੱਲੋਂ ਮਨਜੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ।