ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 26 ਨਵੰਬਰ
ਕਰਤਾਰਪੁਰ ਦੇ ਵਿਸ਼ਵ ਪ੍ਰਸਿੱਧ ਫਰਨੀਚਰ ਉਦਯੋਗ ਦੀ ਤਰਸਯੋਗ ਹਾਲਤ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੂਬਾ ਸਰਕਾਰ ਉੱਪਰ ਸਾਬ ਨਾ ਲੈਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੌਣੇ ਪੰਜ ਸਾਲ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਂਦੀ ਰਹੀ ਜਦੋਂ ਕਿ ਹੁਣ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਜਨਤਾ ਨੂੰ ਸਹੂਲਤਾਂ ਦੇਣ ਦੇ ਐਲਾਨਾਂ ਦੀ ਝੜੀ ਲਾ ਕੇ ਭੋਲੀ-ਭਾਲੀ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਰਤਾਰਪੁਰ ਵਿਚ ਫਰਨੀਚਰ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਨਾਲ ਮੀਟਿੰਗ ਵਿੱਚ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਨ ਮੌਕੇ ‘ਆਪ’ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਤੋਂ ਟਾਲਾ ਵੱਟੀ ਰੱਖਿਆ। ਇਸ ਮੌਕੇ ‘ਆਪ’ ਦੇ ਹਲਕਾ ਇੰਚਾਰਜ ਸਾਬਕਾ ਡੀ ਸੀ ਪੀ ਬਲਕਾਰ ਸਿੰਘ, ਪੰਜਾਬ ਫਰਨੀਚਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ, ਟਰੇਡ ਵਿੰਗ ਦੇ ਪ੍ਰਧਾਨ ਰਮਨ ਮਿੱਤਲ। ਅਨਿਲ ਠਾਕੁਰ, ਪ੍ਰੇਮ ਕੁਮਾਰ, ਸੁਰਿੰਦਰਪਾਲ, ਈਸ਼ਵਰ ਚੰਦ ਚੱਢਾ, ਰਾਜਵਿੰਦਰ ਕੌਰ ਮੌਜੂਦ ਸਨ।