ਪੱਤਰ ਪ੍ਰੇਰਕ
ਮੁਕੇਰੀਆਂ, 15 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਕੂੜਾ ਸੰਭਾਲ ਮਾਮਲੇ ਵਿੱਚ ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੇਕੇਦਾਰ ਉੱਤੇ ਲੱਖਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀਜਨਕ ਹੈ ਕਿ ਪਠਾਨਕੋਟ ਕੂੜਾ ਡੰਪ ਕਰਨ ਦਾ ਸਾਲ ਦਾ ਕਿਰਾਇਆ ਕਰੀਬ 2 ਲੱਖ ਹੈ, ਜਦੋਂ ਕਿ ਉਸ ਦੀ ਢੋਆ ਢੁਆਈ ਉੱਤੇ ਸਾਲਾਨਾ 30 ਲੱਖ ਤੋਂ ਵੱਧ ਖਰਚੇ ਜਾ ਰਹੇ ਹਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਪਠਾਨਕੋਟ ਡੰਪ ਵਿੱਚ ਲਿਜਾਏ ਜਾ ਰਹੇ ਕੂੜੇ ਵਿੱਚ ਠੇਕੇਦਾਰ ਵਲੋਂ ਵੱਡੇ ਪੱਧਰ ’ਤੇ ਘਪਲੇਬਾਜ਼ੀ ਸਾਹਮਣੇ ਆਈ ਸੀ। ਠੇਕੇਦਾਰ ਵਲੋਂ ਕੂੜਾ ਪਠਾਨਕੋਟ ਡੰਪ ਵਿੱਚ ਸੁੱਟਣ ਦੀ ਥਾਂ ਸੁੰਨੀ ਪਈ ਰੇਲਵੇ ਲਾਈਨ ’ਤੇ ਸੁੱਟ ਕੇ ਪਠਾਨਕੋਟ ਦਾ ਕਿਰਾਇਆ ਵਸੂਲਿਆ ਜਾ ਰਿਹਾ ਸੀ। ਘਪਲਾ ਉਜਾਗਰ ਹੋਣ ਉਪਰੰਤ ਠੇਕੇਦਾਰ ਦੇ ਸੱਤਾਧਾਰੀ ਧਿਰ ਨਾਲ ਸਬੰਧਿਤ ਹੋਣ ਕਾਰਨ ਅੰਦਰਖਾਤੇ ਮਾਮਲਾ ਠੱਪ ਕਰ ਦਿੱਤਾ ਗਿਆ ਸੀ, ਪਰ ਹੁਣ ਸੂਬੇ ਅੰਦਰ ਆਪ ਦੀ ਜਿੱਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਕੌਂਸਲਰ ਨੇ ਝੰਡਾ ਚੁੱਕ ਲਿਆ ਹੈ। ਸ਼ਹਿਰ ਦੇ ਵਾਰਡ ਨੰਬਰ 11 ਤੋਂ ਕੌਂਸਲਰ ਸ੍ਰੀਮਤੀ ਪੂਨਮ ਰੱਤੂ ਨੇ ਦੱਸਿਆ ਕਿ ਸ਼ਹਿਰ ਦਾ ਕੂੜਾ ਪਠਾਨਕੋਟ ਦੇ ਡੰਪ ਵਿੱਚ ਸੁੱਟਿਆ ਜਾ ਰਿਹਾ ਹੈ। ਕੂੜਾ ਚੁੱਕਣ ਦਾ ਠੇਕਾ ਪਿਛਲੀ ਕਾਂਗਰਸ ਸਰਕਾਰ ਦੇ ਚਹੇਤਿਆਂ ਨੂੰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਨੂੰ ਘੋਖਿਆ ਗਿਆ ਤਾਂ ਸਾਹਮਣੇ ਆਇਆ ਕਿ ਡੰਪ ਵਿੱਚ ਕੂੜਾ ਸਾਲ ਭਰ ਸੁੱਟਣ ਦਾ ਕਿਰਾਇਆ 1.80 ਲੱਖ ਹੈ, ਜਦੋਂ ਕਿ ਕੂੜਾ ਪਠਾਨਕੋਟ ਲਿਜਾਉਣ ਲਈ ਠੇਕੇਦਾਰ ਨੂੰ ਕਰੀਬ 30 ਲੱਖ ਦਿੱਤੇ ਜਾ ਰਹੇ ਹਨ। ਉਨ੍ਹਾਂ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕੌਂਸਲ ’ਤੇ ਕਾਬਜ਼ ਕਾਂਗਰਸੀਆਂ ਤੇ ਠੇਕੇਦਾਰ ਦੀ ਮਿਲੀਭੁਗਤ ਨਾਲ ਖਪਾਏ ਜਾ ਰਹੇ ਲੱਖਾਂ ਰੁਪਏ ਦੀ ਜਾਂਚ ਟੌਲ ਪਲਾਜ਼ਾ ਤੋਂ ਰੋਜ਼ਾਨਾ ਲੰਘਣ ਵਾਲੇ ਕੂੜਾ ਵਾਹਨ ਦੀ ਜਾਂਚ ਕਰਨ ਉਪਰੰਤ ਹੀ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਸਥਾਨਕ ਸਰਕਾਰਾਂ ਵਿਭਾਗ ਕੋਲ ਉਠਾ ਕੇ ਇਸ ਵਿੱਚ ਸ਼ਾਮਲ ਕੌਂਸਲ ਅਧਿਕਾਰੀਆਂ, ਠੇਕੇਦਾਰਾਂ ਤੇ ਅਹੁਦੇਦਾਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰਨਗੇ।
ਕੀ ਕਹਿੰਦੇ ਨੇ ਅਧਿਕਾਰੀ਼
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਬੀਮਾਰ ਹੈ ਅਤੇ ਉਹ ਇਸ ਮੁੱਦੇ ’ਤੇ ਕੁਝ ਨਹੀਂ ਬੋਲਣਗੇ। ਜਦੋਂ ਕਿ ਨਗਰ ਕੌਂਸਲ ਦੇ ਈਓ ਕਰਮਿੰਦਰਪਾਲ ਸਿੰਘ ਦੀਆਂ ਹਦਾਇਤਾਂ ’ਤੇ ਦਫ਼ਤਰੀ ਮੁਲਾਜ਼ਮ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਰੋਜ਼ਾਨਾ 6000 ਰੁਪਏ ਪਠਾਨਕੋਟ ਕੂੜਾ ਖੜ੍ਹਨ ਵਾਲੇ ਟਰੱਕ ਅਤੇ 1000 ਤੋਂ 2000 ਤੱਕ ਜੇਸੀਬੀ ਦੇ ਅਦਾ ਕੀਤੇ ਜਾ ਰਹੇ ਹਨ।