ਪਾਲ ਸਿੰਘ ਨੌਲੀ
ਜਲੰਧਰ, 14 ਅਗਸਤ
ਗ਼ਦਰੀ ਬਾਬਿਆਂ ਦੇ 30ਵੇਂ ਮੇਲੇ ਦੀ ਲਾ-ਮਿਸਾਲ ਤਿਆਰੀ ਅਤੇ ਸਫ਼ਲਤਾ ਲਈ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਮੀਟਿੰਗ ’ਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧਾਂ, ਲੇਖਕਾਂ, ਸਾਹਿਤਕਾਰਾਂ, ਤਰਕਸ਼ੀਲਾਂ ਅਤੇ ਜਮਹੂਰੀ ਕਾਮਿਆਂ ਨੇ ਹੁਣ ਤੋਂ ਹੀ ਮੇਲੇ ਦੀਆਂ ਤਿਆਰੀਆਂ ਵਿੱਢਣ ਦਾ ਅਹਿਦ ਲਿਆ। ਮੀਟਿੰਗ ਦਾ ਆਗਾਜ਼ ਮੁਲਕ ਦੀ ਦੁਖ਼ਦਾਈ ਵੰਡ ਸਮੇਂ ਮਾਰੇ ਗਏ 10 ਲੱਖ ਤੋਂ ਵੱਧ ਲੋਕਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 30ਵਾਂ ਮੇਲਾ ਉਸ ਵੇਲੇ ਹੋਣ ਜਾ ਰਿਹਾ ਹੈ, ਜਦੋਂ ਆਜ਼ਾਦੀ ਸੰਗਰਾਮ ਵਿੱਚ ਇਨਕਲਾਬੀ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦੀ ਅਗਲੀ ਇਤਿਹਾਸਕ ਕੜੀ ਬੱਬਰ ਅਕਾਲੀ ਲਹਿਰ ਦੀ ਸਥਾਪਨਾ ਸ਼ਤਾਬਦੀ ਮਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਮਜ਼ਦੂਰ, ਕਾਲ਼ੇ ਕਾਨੂੰਨ, ਕਾਰਪੋਰੇਟਾਂ ਨੂੰ ਮੁਲਕ ਦੇ ਕੁੂੰਜੀਵਤ ਅਦਾਰੇ ਪਰੋਸ ਕੇ ਦੇਣ ਅਤੇ ਗ਼ਦਰ, ਬੱਬਰ ਅਕਾਲੀ ਲਹਿਰ ਸਬੰਧੀ ਵਿਚਾਰ-ਚਰਚਾ ਹੋਈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਪ੍ਰਧਾਨ ਅਜਮੇਰ ਸਿੰਘ ਆਦਿ ਹਾਜ਼ਰ ਸਨ।