ਸੁਰਜੀਤ ਮਜਾਰੀ
ਬੰਗਾ, 20 ਦਸੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਦੇ 23ਵੇਂ ਵਰ੍ਹੇ ’ਚ ਖਿਤਾਬ ਜਿੱਤ ਕੇ ਬੰਗਾ ਦੀ ਟੀਮ ਨੇ ਇਤਿਹਾਸ ਸਿਰਜਿਆ ਹੈ। ਅੱਜ ਇੱਥੇ ਹੋਏ ਫਾਈਨਲ ਮੁਕਾਬਲੇ ’ਚ ਇੱਥੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁਟਬਾਲ ਅਕੈਡਮੀ ਦਾ ਮੁਕਾਬਲਾ ਪਟਿਆਲਾ ਦੀ ਦਲਬੀਰ ਫੁਟਬਾਲ ਕਲੱਬ ਦੀ ਟੀਮ ਨਾਲ ਹੋਇਆ। ਮੈਚ ਦੇ ਪਹਿਲੇ ਅੱਧ ’ਚ ਬੰਗਾ ਦੀ ਟੀਮ ਨੇ ਇੱਕ ਗੋਲ ਦਾਗ਼ ਕੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰ ਦਿੱਤਾ ਜਿਸ ਨੂੰ ਮਾਤ ਦੇਣ ਲਈ ਪਟਿਆਲਾ ਦੀ ਟੀਮ ਮੈਚ ਦੇ ਆਖ਼ਰੀ ਪਲਾਂ ਤੱਕ ਕੋਸ਼ਿਸ਼ ਕਰਦੀ ਰਹੀ ਪਰ ਦੂਜੇ ਅੱਧ ’ਚ ਬੰਗਾ ਦੀ ਟੀਮ ਵਲੋਂ ਦਾਗਿਆ ਇੱਕ ਹੋਰ ਗੋਲ ਬੜਤ ਨੂੰ ਜਿੱਤ ’ਚ ਤਬਦੀਲ ਕਰ ਗਿਆ। ਜੇਤੂ ਟੀਮ ਨੂੰ ਯਾਦਗਾਰੀ ਫਰਾਫ਼ੀ ਅਤੇ ਇੱਕ ਲੱਖ ਦੀ ਨਗਦੀ ਪ੍ਰਦਾਨ ਕੀਤੀ ਗਈ ਜਦੋਂ ਕਿ ਉੱਪ ਜੇਤੂ ਨੂੰ 60 ਹਜ਼ਾਰ ਦੀ ਨਗਦੀ ਨਾਲ ਸਬਰ ਕਰਨਾ ਪਿਆ। ਇਨਾਮ ਵੰਡਣ ਦੀ ਰਸਮ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਦਰਸ਼ਨ ਸਿੰਘ ਖਟਕੜ ਵਲੋਂ ਸਾਂਝੇ ਰੂਪ ’ਚ ਨਿਭਾਈ ਗਈ। ਇਸ ਦੇ ਨਾਲ ਰਿਤੂ ਜੀਂਦੋਵਾਲ ਨੂੰ ਵਧੀਆ ਫੁਟਬਾਲਰ, ਕੰਨੂ ਬੰਗਾ ਨੂੰ ਵਧੀਆ ਰੱਖਿਅਕ ਖਿਡਾਰੀ, ਹਰਪ੍ਰੀਤ ਸਿੰਘ ਨੂੰ ਵਧੀਆ ਗੋਲਕੀਪਰ, ਕਰਨਦੀਪ ਗੜ੍ਹਸ਼ੰਕਰ ਨੂੰ ਵਧੀਆ ਖਿਡਾਰੀ ਵਜੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਦੀ ਅਗਵਾਈ ’ਚ ਹੋਏ ਇਸ ਟੂਰਨਾਮੈਂ ਦੇ ਪ੍ਰਬੰਧਕਾਂ ’ਚ ਗੁਰਦਿਆਲ ਸਿੰਘ ਜਗਤਪੁਰ, ਪਰਮਜੀਤ ਕਾਹਮਾ, ਹਰਬੰਸ ਹੀਉਂ ਤੇ ਹਰਜੀਤ ਸਿੰਘ ਮਾਹਿਲ ਆਦਿ ਦਾ ਨਿੱਘਾ ਸਹਿਯੋਗ ਰਿਹਾ।