ਪੱਤਰ ਪ੍ਰੇਰਕ
ਬੰਗਾ, 19 ਜੁਲਾਈ
ਫ਼ਗਵਾੜਾ-ਰੂਪਨਗਰ ਕੌਮੀ ਮਾਰਗ ’ਤੇ ਬੰਗਾ ਸਬ ਡਿਵੀਜ਼ਨ ’ਚ ਬਹਿਰਾਮ ਤੋਂ ਮਾਹਿਲਪੁਰ ਸੜਕ ’ਤੇ ਮੁੜਦੇ ਵਾਹਨਾਂ ਨਾਲ ਵਾਪਰਦੇ ਹਾਦਸਿਆਂ ਨੂੰ ਰੋੋਕਣ ਲਈ ਬਹਿਰਾਮ ਵਿਚ ਨੈਸ਼ਨਲ ਹਾਈਵੇਅ ’ਤੇ ਫ਼ਲਾਈ ਓਵਰ ਬਣਾਉਣ ਦੀ ਮੰਗ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ, ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਦੇ ਮਹਾਲੋਂ ਤੇ ਲੰਗੜੋਆ ਬਾਈਪਾਸ ਅਤੇ ਕਾਠਗੜ੍ਹ ਤੋਂ ਨੈਸ਼ਨਲ ਹਾਈਵੇਅ ’ਤੇ ਚੜ੍ਹਨ ਸਮੇਂ ਫ਼ਲਾਈਓਵਰ ਦੀ ਲੋੜ ਮਹਿਸੂਸ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਹਾਈਵੇਅ ਅਥਾਰਟੀ ਵੱਲੋਂ ਕੌਮੀ ਮਾਰਗ ’ਤੇ ਲੋਕਾਂ ਵੱਲੋਂ ਬਣਾਏ ਨਾਜਾਇਜ਼ ਲਾਂਘਿਆਂ ਕਾਰਨ ਸੜਕ ਹਾਦਸੇ ਹੋਣ ਦੇ ਵਧੇ ਖਤਰਿਆਂ ਦਾ ਮੁੱਦਾ ਵੀ ਰੱਖਿਆ ਜਿਸ ’ਤੇ ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇਅ ’ਤੇ ਨਾਜਾਇਜ਼ ਲਾਂਘਾ ਬਣਾਉਣ ਵਾਲਿਆਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕਰਨ ਲਈ ਆਖਿਆ।