ਰੇਲਵੇ ਸਟੇਸ਼ਨਾਂ ਬਾਹਰ ਦਿੱਤੇ ਧਰਨੇ
ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਫਗਵਾੜਾ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ
ਜਸਬੀਰ ਸਿੰਘ ਚਾਨਾ
ਫਗਵਾੜਾ, 18 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਵਲੋਂ ਦੇਸ਼ ਭਰ ’ਚ ਰੇਲ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਦੋਆਬੇ ਵਿੱਚ ਅੱਜ ਕਿਸਾਨਾਂ ਨੇ ਵੱਖ-ਵੱਖ ਥਾਵਾਂ ਉੱਤੇ ਧਰਨੇ ਦਿੱਤੇ। ਇਸ ਪ੍ਰੋਗਰਾਮ ਤਹਿਤ ਹੀ ਫਗਵਾੜਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ’ਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ ਗਿਆ ਦਿੱਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਖਜ਼ਾਨਚੀ ਕ੍ਰਿਪਾਲ ਸਿੰਘ ਮੁਸਾਪੂਰ, ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਆਠੋਲੀ, ਇੰਦਰਜੀਤ ਸਿੰਘ ਖਲਿਆਣ, ਅਵਤਾਰ ਸਿੰਘ ਸ਼ੇਰਗਿੱਲ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ’ਤੇ ਥੋਪੇ ਹਨ ਪਰ ਉਸ ਦਾ ਵਿਰੋਧ ਕਰਦੇ ਕਿਸਾਨਾਂ ਦੀ ਆਵਾਜ਼ ਵੀ ਸਰਕਾਰ ਨੇ ਦਬਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਵਰੂੰਹਾਂ ’ਤੇ ਬੈਠ ਕੇ ਆਪਣਾ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਪਹਿਲਾਂ ਤਾਂ ਮੀਟਿੰਗ ਕਰਦੀ ਰਹੀ ਤੇ ਹੁਣ ਮੀਟਿੰਗਾਂ ਦਾ ਦੌਰਾ ਵੀ ਬੰਦ ਕਰਕੇ ਗੂੰਗੀ ਬੋਲੀ ਬਣ ਕੇ ਬੈਠ ਗਈ ਹੈ ਤੇ ਉਸ ਨੂੰ ਕਿਸੇ ਦੇ ਹਿੱਤਾ ਨਾਲ ਕੋਈ ਮਤਲਬ ਨਹੀਂ ਹੈ। ਲਖੀਮਪੁਰੀ ਖੀਰੀ ਦੀ ਘਟਨਾ ਨੇ ਯੂ.ਪੀ. ਤੇ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਯੂ.ਪੀ. ਦੀ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਕੇਂਦਰੀ ਮੰਤਰੀ ਨੂੰ ਮੰਤਰੀ ਮੰਡਲ ’ਚੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ। ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਅੱਜ 5733 ਕਠਿਆਰ-ਅੰਮ੍ਰਿਤਸਰ (ਅਮਰਪਾਲੀ ਐਕਸਪ੍ਰੈੱਸ), 09028 ਜੰਮੂ ਤਵੀ (ਵਿਵੇਕ ਐਕਸਪ੍ਰੈੱਸ) ਸਪੈਸ਼ਲ ਹਫ਼ਤਾਵਾਰੀ ਰੇਲ ਗੱਡੀ ਨੂੰ ਫਗਵਾੜਾ ਸਟੇਸ਼ਨ ਉੱਤੇ ਹੀ ਸਵੇਰੇ 10 ਵਜੇ ਰੋਕ ਦਿੱਤਾ ਗਿਆ ਜਦਕਿ 22440 ਬੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਚਹੇੜੂ ਨਜ਼ਦੀਕ ਰੋਕ ਦਿੱਤਾ ਗਿਆ ਹੈ ਜਿਸ ਕਾਰਨ ਰੇਲ ’ਚ ਸਵਾਰ ਯਾਤਰੀਆਂ ਨੂੰ ਵੀ ਸਾਰਾ ਦਿਨ ਮੰਜ਼ਿਲ ਵੱਲ ਰਵਾਨਾ ਹੋਣ ਲਈ ਰੁਕਣਾ ਪਿਆ। ਧਰਨੇ ਦੇ ਮੱਦੇਨਜ਼ਰ ਅੱਜ ਪੁਲੀਸ ਵੱਲੋਂ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਤੇ ਵੱਡੀ ਗਿਣਤੀ ’ਚ ਪੁਲੀਸ ਫ਼ੋਰਸ ਤਾਇਨਾਤ ਕੀਤੀ ਹੋਈ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਸ਼ਾਹਕੋਟ(ਗੁਰਮੀਤ ਸਿੰਘ ਖੋਸਲਾ): ਸੰਯੁਕਤ ਕਿਸਾਨ ਮੋਰਚਾ ਵੱਲੋਂ ਰੇਲਾਂ ਰੋਕਣ ਦੇ ਦਿੱਤੇ ਸੱਦੇ ’ਤੇ ਅੱਜ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸ਼ਾਹਕੋਟ ਅਤੇ ਲੋਹੀਆਂ ਖਾਸ ਰੇਲਵੇ ਸਟੇਸ਼ਨਾਂ ਉੱਪਰ ਧਰਨੇ ਲਗਾਏ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਨੇ ਸ਼ਾਹਕੋਟ-ਮਲਸੀਆਂ ਰੇਲਵੇ ਸਟੇਸ਼ਨ ਉੱਪਰ 6 ਘੰਟੇ ਧਰਨਾ ਦਿੱਤਾ। ਧਰਨੇ ਨੂੰ ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ,ਸਕੱਤਰ ਬਲਵੰਤ ਮਲਸੀਆਂ,ਵਿੱਤ ਸਕੱਤਰ ਹਰਨੇਕ ਮਾਲੜੀ,ਨਿਰਮਲ ਸਿੰਘ ਜਹਾਂਗੀਰ,ਸੁੱਖਪਾਲ ਸਿੰਘ ਰਾਈਵਾਲ,ਮਨਜੀਤ ਸਿੰਘ ਮਲਸੀਆਂ,ਮਨਜੀਤ ਸਾਬੀ,ਨਿਰਮਲ ਸਿੰਘ ਸਰਾਭਾ,ਬਲਜੀਤ ਕੌਰ,ਪਰਮਜੀਤ ਕੌਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕੇ ਸਕੱਤਰ ਸੁਖਜਿੰਦਰ ਲਾਲੀ ਨੇ ਸੰਬੋਧਨ ਕੀਤਾ। ਇਸੇ ਤਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ਾਹਕੋ-ਮਲਸੀਆਂ ਰੇਲਵੇ ਫਾਟਕ ਦੇ ਨਜ਼ਦੀਕ ਰੇਲਵੇ ਲਾਈਵ ਉੱਪਰ ਜ਼ਿਲ੍ਹਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਅਤੇ ਮੀਤ ਪ੍ਰਧਾਨ ਸਤਨਾਮ ਸਿੰਘ ਰਾਈਵਾਲ ਦੀ ਅਗਵਾਈ ਵਿਚ ਧਰਨਾ ਦਿੱਤਾ। ਕਿਸਾਨ ਸੰਘਰਸ਼ ਕਮੇਟੀ ਨੇ ਲੋਹੀਆਂ ਖਾਸ ਰੇਲਵੇ ਸਟੇਸ਼ਨ ਉੱਪਰ ਧਰਨਾ ਦਿੱਤਾ। ਆਦਮਪੁਰ ਦੋਆਬਾ (ਹਤਿੰਦਰ ਮਹਿਤਾ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤੇ ਰੇਲ ਰੋਕੋ ਅੰਦੋਲਨ ਦੇ ਅਧੀਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਸਰਕਲ ਆਦਮਪੁਰ ਦੋਆਬਾ ਵਲੋਂ ਅੱਜ ਸਵੇਰੇ 10 ਵਜੇ ਤੋਂ ਲੈਕੇ ਖੁਰਦਪੁਰ ਸਟੇਸ਼ਨ ਨੇੜੇ ਜਲੰਧਰ-ਹੁਸ਼ਿਆਰਪੁਰ ਰੇਲਵੇ ਲਾਈਨਾਂ ਤੇ ਬੈਠ ਕੇ ਰੋਸ ਧਰਨਾ ਦਿੱਤਾ ਗਿਆ। ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ, ਕੁੱਲਹਿੰਦ ਕਿਸਾਨ ਸਭਾ ਵੱਲੋਂ ਰੇਲਵੇ ਸਟੇਸ਼ਨ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ, ਯੂਪੀ ਦੀ ਯੋਗੀ ਸਰਕਾਰ ਅਤੇ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਆਗੂ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ ਸੂਬਾਈ ਆਗੂ ਜਨਵਾਦੀ ਇਸਤਰੀ ਸਭਾ, ਗੁਰਨੇਕ ਸਿੰਘ ਭੱਜਲ ,ਕੁਲਵਿੰਦਰ ਚਾਹਲ, ਹਰਮੇਸ਼ ਢੇਸੀ, ਜੋਗਿੰਦਰ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਗੜ੍ਹਸ਼ੰਕਰ , ਚੌਧਰੀ ਅੱਛਰ, ਪ੍ਰੋ ਕੁਲਵੰਤ ਸਿੰਘ, ਸ਼ਿੰਗਾਰਾ ਭੱਜਲ ਆਦਿ ਬੁਲਾਰਿਆਂ ਨੇ ਲਖੀਮ ਪੁਰ ਖੀਰੀ ਚ ਵਾਪਰੇ ਕਾਂਢ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ।