ਪਾਲ ਸਿੰਘ ਨੌਲੀ
ਜਲੰਧਰ, 19 ਦਸੰਬਰ
ਕਿਸਾਨ ਜਥੇਬੰਦੀਆਂ ਨੇ ਨਕੋਦਰ ਜਗਰਾਉਂ ਰੋਡ ’ਤੇ ਪੈਂਦੇ ਪਿੰਡ ਸੰਗੋਵਾਲ ਦੇ ਟੌਲ ਪਲਾਜ਼ਾ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਮੁੜ ਧਰਨਾ ਲਗਾਉਂਦਿਆ ਇਹ ਟੌਲ ਪਲਾਜ਼ਾ ਬੰਦ ਕਰਵਾਇਆ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਟੌਲ ਰੇਟ ਪਹਿਲਾਂ ਵਾਲੇ ਨਹੀਂ ਕੀਤੇ ਜਾਂਦੇ ਉਦੋਂ ਤੱਕ ਟੌਲ ਪਲਾਜ਼ਾ ਬੰਦ ਰਹੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਅਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਜੰਡਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ, ਦੂਸਰੇ ਪਾਸੇ ਦਿੱਲੀ ਦੀਆਂ ਬਾਰਡਰਾਂ ਤੇ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਟੌਲ ਪਲਾਜਿਆਂ ਤੋਂ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਸੀ ਪਰ ਮਾਲਕਾਂ ਵਲੋਂ ਟੌਲ ਪਲਾਜ਼ਿਆਂ ਦੇ ਰੇਟ ਪਹਿਲਾਂ ਨਾਲ਼ੋਂ ਦੁੱਗਣੇ-ਤਿੰਨਗਣਾ ਕਰ ਦਿੱਤੇ ਗਏ ਹਨ। ਇਸ ਕਰਕੇ ਇਕ ਵਾਰ ਫਿਰ ਕਿਸਾਨੀ ਨੂੰ ਸੰਘਰਸ਼ ਦੇ ਮੈਦਾਨ ’ਚ ਕੁੱਦਣ ਲਈ ਮਜਬੂਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਟੌਲ ਪਲਾਜ਼ਿਆਂ ਦੇ ਮਾਲਕ ਤੁਰੰਤ ਰੇਟ ਪਹਿਲਾਂ ਵਾਲੇ ਕਰਨ ਨਹੀਂ ਤਾਂ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਇਸ ਮੌਕੇ ਦਿੱਲੀ ਅੰਦੋਲਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਦਿਲਬਾਗ ਚੰਦੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਮੰਡ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਨੀਤਾ ਸੰਧੂ, ਤਰਨਜੀਤ ਸਿੰਘ, ਅਜੈਬ ਸਿੰਘ, ਸਿਮਰਨਜੀਤ ਸਿੰਘ, ਜਸਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਆਵਾਜਾਈ ਠੱਪ ਅੱਜ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਕਿਸਾਨ-+ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 20 ਦਸੰਬਰ ਨੂੰ ਪੰਜਾਬ ਵਿੱਚ ਵੱਖ ਵੱਖ ਚਾਰ ਥਾਵਾਂ ’ਤੇ ਰੇਲ ਆਵਾਜਾਈ ਰੋਕਣ ਦਾ ਐਲਾਨ ਕੀਤਾ। ਇਸ ਦੌਰਾਨ ਕਿਸਾਨ ਮਨਜੀਤ ਸਿੰਘ ਖੰਡਵਾਲਾ ਨਮਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ 700 ਤੋਂ ਵਧ ਕਿਸਾਨਾਂ ਦੀਆਂ ਜਾਨਾਂ ਗਈਆਂ ਹਨ, ਜਿਨ੍ਹਾਂ ਵਿੱਚੋਂ ਮਨਜੀਤ ਸਿੰਘ ਖੰਡਵਾਲਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸ਼ਹੀਦੀਆਂ ਕਾਰਨ ਹੀ ਦੇਸ਼ ਦੀ ਖੇਤੀ ਨੂੰ ਬਚਾਉਣ ਲਈ ਵਿੱਢੇ ਘੋਲ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ 20 ਦਸੰਬਰ ਨੂੰ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ’ਚ ਚਾਰ ਥਾਵਾਂ ’ਤੇ ਰੇਲ ਆਵਾਜਾਈ ਰੋਕੀ ਜਾਵੇਗੀ। ਮਾਝੇ ’ਚ ਦੇਵੀਦਾਸਪੁਰ ਰੇਲਵੇ ਟਰੈਕ, ਤਰਨ ਤਾਰਨ ਰੇਲਵੇ ਸਟੇਸ਼ਨ, ਦੁਆਬੇ ’ਚ ਦਸੂਹਾ ਹੁਸ਼ਿਆਰਪੁਰ ਤੇ ਮਾਲਵੇ ’ਚ ਬਸਤੀ ਟੈਂਕਾਂ ਵਾਲੀ, ਫਿਰੋਜ਼ਪੁਰ ’ਚ ਇਹ ਕਾਰਵਾਈ ਹੋਵੇਗੀ। ਕਿਸਾਨ ਆਗੂ ਨੇ ਕਿਸਾਨ ਮੰਗਾਂ ਬਾਰੇ ਕਿਹਾ ਕਿ ਕਿਸਾਨਾਂ ਨੂੰ ਹੁਣ ਤਕ ਬਾਸਮਤੀ ਦੇ ਖਰਾਬੇ ਦਾ ਮੁਆਵਜਾ ਨਹੀਂ ਮਿਲਿਆ, ਨਾ ਹੀ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਮਿਲੇ ਹਨ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫੀ ਨਹੀਂ ਹੋਈ, ਨਸ਼ਾਮੁਕਤ ਪੰਜਾਬ, ਪੈਨਸ਼ਨ ਸਕੀਮ ਆਦਿ ਮੰਗਾਂ ਵੱਲ ਸਰਕਾਰ ਦਾ ਰਵੱਈਆ ਨਾਂਹ ਪੱਖੀ ਹੈ। ਉਨ੍ਹਾਂ ਕੱਲ੍ਹ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਘਟਨਾ ’ਤੇ ਚਿੰਤਾ ਪ੍ਰਗਟ ਕੀਤੀ ਤੇ ਇਸਨੂੰ ਪੰਜਾਬੀਆਂ ਤੇ ਸਿੱਖਾਂ ’ਤੇ ਸਿੱਧਾ ਹਮਲਾ ਦੱਸਿਆ।
ਕਿਸਾਨੀ ਸੰਘਰਸ਼ ਦੌਰਾਨ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ
ਚੋਹਲਾ ਸਾਹਿਬ (ਤੇਜਿੰਦਰ ਸਿੰਘ ਖਾਲਸਾ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜ੍ਹੀ ਨਾਲ ਸਬੰਧਤ ਕਾਨੂੰਨਾਂ ਦੇ ਵਿਰੋਧ ਵਿੱਚ ਚੱਲੇ ਲੰਬੇ ਸੰਘਰਸ਼ ਦੌਰਾਨ ਸੰਘਰਸ਼ ਦੀ ਸਫਲਤਾ ਤੇ ਚੜ੍ਹਦੀ ਕਲਾ ਲਈ ਕਿਸਾਨਾਂ, ਮਜ਼ਦੂਰਾਂ ਤੇ ਪ੍ਰਿੰਟ ਮੀਡੀਆ ਨਾਲ ਜੁੜ੍ਹੇ ਅਦਾਰਿਆਂ ਦੇ ਪੱਤਰਕਾਰਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੇ ਮੱਦੇਨਜ਼ਰ ਅੱਜ ਗੁਰਦੁਆਰਾ ਬਾਬਾ ਭਾਈ ਅਦਲੀ ਸਾਹਿਬ ਚੋਹਲਾ ਸਾਹਿਬ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਨਾਲ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਤੇ ਪ੍ਰਧਾਨ ਦਿਲਬਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਾਪਸ ਹੋਣ ਨਾਲ ਸਿਰਫ ਕਿਸਾਨਾਂ ਦੀ ਹੀ ਨਹੀਂ ਹਰ ਵਰਗ ਦੀ ਜਿੱਤ ਹੋਈ ਹੈ। ਜਨਤਾ ਦੇ ਦਬਾਅ ਹੇਠ ਝੁਕਦਿਆਂ ਮੋਦੀ ਸਰਕਾਰ ਨੂੰ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਲੰਮੇ ਚੱਲੇ ਇਸ ਸੰਘਰਸ਼ ਦੌਰਾਨ ਕਿਸਾਨਾਂ ਸਮੇਤ ਜਿੱਥੇ ਵੱਖ ਵੱਖ ਵਰਗਾਂ ਦੇ ਲੋਕਾਂ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਉਥੇ ਪੱਤਰਕਾਰੀ ਨਾਲ ਜੁੜੇ ਅਦਾਰਿਆਂ ਦੇ ਪੱਤਰਕਾਰਾਂ ਨੇ ਵੀ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਹੈ।