ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਮਈ
ਸੰਯੁਕਤ ਕਿਸਾਨ ਮੋਰਚੇ ਦੀਆਂ 16 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਡਾ. ਰਵਜੋਤ ਸਿੰਘ ਅਤੇ ਡਾ. ਰਾਜ ਕੁਮਾਰ ਨੂੰ ਮੰਗ ਪੱਤਰ ਦਿੱਤੇ ਗਏ। ਕਿਸਾਨਾਂ ਨੇ ਮੰਗ ਕੀਤੀ ਕਿ ਕਣਕ ਦਾ ਘੱਟ ਝਾੜ ਹੋਣ ਕਾਰਨ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਗੰਨੇ ਦੇ ਬਕਾਏ ਅਦਾ ਕੀਤੇ ਜਾਣ, ਕਰਜੇ ਦੀਆਂ ਕਿਸ਼ਤਾਂ 6 ਮਹੀਨੇ ਪਿੱਛੇ ਪਾਈਆਂ ਜਾਣ, ਝੋਨੇ ਦੇ ਸੀਜਨ ਦੌਰਾਨ 12 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਕਿਸਾਨਾਂ ’ਤੇ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਲੱਕੜ ਮੰਡੀ ’ਚ ਕਿਸਾਨਾਂ ਦੀ ਹੁੰਦੀ ਲੁੱਟ ਖਸੁੱਟ ਨੂੰ ਬੰਦ ਕਰਵਾਇਆ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਨਜੀਤ ਸਿੰਘ, ਬੀਕੇਯੂ ਕਾਦੀਆਂ ਦੇ ਸਵਰਨ ਸਿੰਘ ਧੁੱਗਾ, ਜਗਤਾਰ ਸਿੰਘ ਭਿੰਡਰ ਮੌਜੂਦ ਸਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਕਾਰਕੁਨਾਂ ਨੇ ਕਿਸਾਨ ਮੰਗਾਂ ਨੂੰ ਲੈ ਕੇ ਵੱਖ ਵੱਖ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਹਨ। ਇਨ੍ਹਾਂ ਵਿਧਾਇਕਾਂ ਵਿਚ ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਜਰ ਸਮੇਤ ਅਟਾਰੀ, ਮਜੀਠਾ ਅਤੇ ਹਲਕਾ ਉੱਤਰੀ ਦੇ ਵਿਧਾਇਕ ਸ਼ਾਮਲ ਹਨ। ਮੰਗ ਪੱਤਰ ਦੇਣ ਵਾਲੇ ਕਿਸਾਨ ਆਗੂਆਂ ਵਿਚ ਜਤਿੰਦਰ ਸਿੰਘ ਛੀਨਾ, ਡਾ. ਸਤਨਾਮ ਸਿੰਘ ਅਜਨਾਲਾ, ਸੁਖਦੇਵ ਸਿੰਘ ਸਹਿੰਸਰਾ, ਸਤਨਾਮ ਸਿੰਘ ਝੰਡੇਰ, ਹਰਦੀਪ ਕੌਰ ਕੋਟਲਾ, ਸ਼ੀਤਲ ਸਿੰਘ ਤਲਵੰਡੀ ਤੇ ਬਲਕਾਰ ਸਿੰਘ ਆਦਿ ਸ਼ਾਮਲ ਸਨ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇੱਥੇ ਕਿਸਾਨ ਆਗੂਆਂ ਨੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ, ਆਦਮਪੁਰ ਤੋਂ ਸੁਖਵਿੰਦਰ ਕੋਟਲੀ ਅਤੇ ਜਲੰਧਰ ਉੱਤਰੀ ਤੋਂ ਵਿਧਾਇਕ ਬਾਵਾ ਹੈਨਰੀ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤੇ।
ਫਗਵਾੜਾ (ਪੱਤਰ ਪ੍ਰੇਰਕ): ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਅੱਜ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ। ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ’ਚ ਅੱਜ ਕਿਸਾਨ ਵੱਡੀ ਗਿਣਤੀ ’ਚ ਧਾਲੀਵਾਲ ਦੇ ਕੋਠੀ ਨਜ਼ਦੀਕ ਪੁੱਜੇ ਜਿਥੇ ਉਨ੍ਹਾਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਰਈਆ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਮੰਗਾਂ ਦਾ ਮੰਗ ਪੱਤਰ ਹਲਕਾ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਦੇਣ ਲਈ ਸਥਾਨਕ ਕਸਬੇ ਤੋਂ ਪਿੰਡ ਟੌਗ ਤੱਕ ਮਾਰਚ ਕੀਤਾ।
ਭੁਲੱਥ (ਪੱਤਰ ਪ੍ਰੇਰਕ): ਇੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਤੇ ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਬਾਠ ਦੀ ਅਗਵਾਈ ਹੇਠ ਗੁਰਦੁਆਰਾ ਕਿੱਲੀ ਸਾਹਿਬ ਰਾਮਗੜ੍ਹ ਵਿਚ ਵਰਕਰਾਂ ਦੀ ਮੀਟਿੰਗ ਉਪਰੰਤ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੰਗ ਪੱਤਰ ਦਿੱਤਾ ਗਿਆ।
ਤਰਨ ਤਾਰਨ (ਪੱਤਰ ਪ੍ਰੇਰਕ): ਤਿੰਨ ਕਿਸਾਨ ਜਥੇਬੰਦੀਆਂ ਦੇ ਇਕ ਵਫਦ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਇਕ ਮੰਗ ਪੱਤਰ ਦਿੱਤਾ, ਜਿਸ ਰਾਹੀਂ ਕਿਸਾਨਾਂ ਨੇ ਝੋਨਾ 26 ਜੂਨ ਦੀ ਬਜਾਏ 10 ਜੂਨ ਤੋਂ ਲਗਾਉਣ ਦੀ ਮੰਗ ਕੀਤੀ| ਇਸ ਮੌਕੇ ਵਫ਼ਦ ਦੀ ਅਗਵਾਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਕੀਤੀ।
ਫਿਲੌਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ 16 ਜਥੇਬੰਦੀਆਂ ਦੇ ਸੱਦੇ ’ਤੇ ਹਲਕਾ ਫਿਲੌਰ ਦੇ ਆਗੂਆਂ ਨੂੰ ਮੰਗ ਪੱਤਰ ਦਿੱਤੇ ਗਏ। ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਤੋਂ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਮੰਗ ਪੱਤਰ ਦਿੱਤਾ ਅਤੇ ਮਗਰੋਂ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਵੀ ਇੱਕ ਮੰਗ ਪੱਤਰ ਦਿੱਤਾ।
ਮਾਨਸਰ (ਪੱਤਰ ਪ੍ਰੇਰਕ): ਇਥੇ ਪਿੰਡ ਮੰਝਪੁਰ ‘ਚ ਪੱਗੜੀ ਸੰਭਾਲ ਜੱਟਾ ਲਹਿਰ ਪੰਜਾਬ ਵੱਲੋਂ ਅੱਜ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਨੂੰ ਮੁੱਖ ਮੰਤਰੀ ਦੇ ਨਾਂ ਵਾਲਾ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਮਗਰੋਂ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ 10 ਜੂਨ ਤੋਂ ਝੋਨਾ ਲਗਾਉਣ ਆਦਿ ਮੰਗਾਂ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ।
ਸੰਘਰਸ਼ ਕਮੇਟੀ ਵੱਲੋਂ 10 ਜੂਨ ਨੂੰ ਝੋਨਾ ਲਾਉਣ ਦਾ ਐਲਾਨ
ਕਾਹਨੂੰਵਾਨ (ਪੱਤਰ ਪ੍ਰੇਰਕ): ਹਲਕੇ ਅੰਦਰ ਝੋਨਾ ਲਾਉਣਾ ਸ਼ੁਰੂ ਕਰਨ ਦੀ ਤਰੀਕ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂਆਂ ਦੀ ਮੀਟਿੰਗ ਇੱਥੋਂ ਨਜ਼ਦੀਕੀ ਪਿੰਡ ਨਾਨੋਵਾਲ ਖ਼ੁਰਦ ਵਿੱਚ ਹੋਈ। ਇਸ ਜ਼ਿਲ੍ਹਾ ਸਕੱਤਰ ਸੋਹਣ ਸਿੰਘ ਗਿੱਲ ਅਤੇ ਬੀਬੀ ਦਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨਾ ਲਗਾਉਣ ਦੀ ਯੋਜਨਾ ਨੂੰ ਲੈ ਕੇ ਪੰਜਾਬ ਨੂੰ ਜ਼ੋਨਾ ਵਿਚ ਵੰਡਣ ਦਾ ਜੋ ਫ਼ੈਸਲਾ ਕੀਤਾ ਹੋ ਉਹ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸੂਬਾ ਕਮੇਟੀ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਜੇਕਰ ਸਰਕਾਰ ਇਹ ਫ਼ੈਸਲਾ ਨਹੀਂ ਬਦਲਦੀ ਤਾਂ ਕਿਸਾਨ 10 ਜੂਨ ਨੂੰ ਝੋਨਾ ਲਗਾਉਣਾ ਸ਼ੁਰੂ ਕਰ ਦੇਣਗੇ। ਜਥੇਬੰਦੀ ਵਲੋਂ ਸਾਰੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਕਿਸੇ ਵੀ ਕਿਸਾਨ ਵੱਲੋਂ 10 ਜੂਨ ਨੂੰ ਲਗਾਇਆ ਗਿਆ ਝੋਨਾ ਵਾਹੁਣ ਨਹੀਂ ਦਿੱਤਾ ਜਾਵੇਗਾ।