ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 22 ਦਸੰਬਰ
ਇਥੇ ਮੇਨ ਬਜ਼ਾਰ ਦੇ ਬਿਲਕੁੱਲ ਨਾਲ ਲੱਗਦੇ ਮੁਹੱਲਾ ਟੰਡਨਾਂ ਵਿਖੇ ਇਕ ਘਰ ਵਿਚੋਂ ਚੋਰ ਦਿਨ ਦਿਹਾੜੇ 10 ਮਿੰਟਾਂ ਵਿਚ ਹੀ ਲੱਖਾਂ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ। ਘਰ ਦੇ ਮਾਲਕ ਪ੍ਰਾਣ ਨਾਥ ਸ਼ਰਮਾ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਚੰਚਲ ਸ਼ਰਮਾ ਘਰ ਦੇ ਸਾਹਮਣੇ ਹੀ ਇਕ ਖੁੱਲ੍ਹੀ ਜਗ੍ਹਾ ਵਿਚ ਦੁਪਹਿਰੇ ਧੁੱਪ ਸੇਕਣ ਲਈ ਘਰ ਦੇ ਬਾਹਰ ਦੀ ਕੁੰਡੀ ਲਗਾ ਕੇ ਚਲੇ ਗਏ ਜਦ ਉਹ ਘਰ ਕੋਈ ਸਾਮਾਨ ਲੈਣ ਲਈ ਆਏ ਤਾਂ ਦੇਖਿਆ ਕਿ ਬਾਹਰ ਦੀ ਕੁੰਡੀ ਖੁੱਲ੍ਹੀ ਹੋਈ ਸੀ ਅਤੇ ਘਰ ਦੇ ਅੰਦਰ ਪਈ ਲੋਹੇ ਦੀ ਅਲਮਾਰੀ ਦਾ ਲਾਕਰ ਟੁੱਟਿਆ ਹੋਇਆ ਸੀ ਅਤੇ ਸਾਮਾਨ ਖਿਲਰਿਆ ਪਿਆ ਸੀ। ਜਦ ਅੰਦਰ ਦੇਖਿਆ ਤਾਂ ਚੋਰ ਲਾਕਰ ਵਿਚ ਪਏ 7 ਤੋਲੇ ਸੋਨੇ ਦੇ ਗਹਿਣੇ, ਇਕ ਹੀਰੇ ਦੀ ਅੰਗੂਠੀ, 40 ਵਿਦੇਸ਼ੀ ਪੌਡ ਅਤੇ 15 ਹਜ਼ਾਰ ਰੁਪਏ ਦੇ ਕਰੀਬ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ। ਘਟਨਾ ਦੀ ਸੂਚਨਾ ਆਦਮਪੁਰ ਪੁਲੀਸ ਨੂੰ ਦਿੱਤੀ ਗਈ। ਪੁਲੀਸ ਦੇ ਮੌਕੇ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਉਸ ਵਿਚ ਨਜ਼ਰ ਆ ਰਹੇ ਸ਼ੱਕੀ ਵਿਅਕਤੀ ਨੂੰ ਪੁਲੀਸ ਦੇ ਹਵਾਲੇ ਕੀਤਾ ਗਿਆ ਪਰ ਇਹ ਵਿਅਕਤੀ ਪੁਲੀਸ ਦਾ ਕਥਿਤ ਜਾਣਕਾਰ ਹੋਣ ਕਾਰਨ ਇਸ ਨੂੰ ਥਾਣੇ ਆਉਣ ਦਾ ਹੀ ਕਹਿ ਕੇ ਛੱਡ ਦਿੱਤਾ। ਪੁਲੀਸ ਦੀ ਇਸ ਕਾਰਵਾਈ ਤੋਂ ਮੁਹੱਲਾ ਵਾਸੀਆਂ ਵਿਚ ਰੋਸ ਹੈ।