ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 15 ਜਨਵਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਸਮਾਜ ਸੇਵੀ ਸੰਸਥਾਵਾ ਵੱਲੋਂ ਇਥੋਂ ਦੀ ਸ਼ਿਮਲਾ ਪਹਾੜੀ ਪਾਰਕ ਵਿੱਚ ਲੋਕ ਨਾਇਕ ਦੁੱਲਾ- ਭੱਟੀ ਅਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਨੇ ਪਹੁੰਚੀਆਂ ਵਿਸ਼ੇਸ਼ ਸਖ਼ਸ਼ੀਅਤਾਂ ਅਤੇ ਹਾਜ਼ਰ ਲੋਕਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰੋਗਰਾਮ ਕਰਕੇ ਵੱਡੇ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਲੋਕ ਇਨਕਲਾਬ ਮੰਚ ਟਾਂਡਾ, ਸਹਾਰਾ ਵੈਲਫੇਅਰ ਕਲੱਬ ਉੜਮੜ, ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਬੁਲਾਰਿਆਂ ਨੇ ਮੰਚ ਤੋਂ ਸਮਾਜਿਕ ਕੁਰੀਤੀਆਂ ਨਸ਼ੇ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਹੋਕਾ ਦਿੱਤਾ।
ਇਸ ਮੌਕੇ ਲੋਕ ਇਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ ਨੇ ਕਿਸਾਨੀ ਦੇ ਨਾਇਕ ਦੁੱਲਾ ਭੱਟੀ ਦੇ ਜੀਵਨ ਸਬੰਧੀ ਵਿਸਥਾਰ ਪੂਰਬਕ ਚਾਨਣਾ ਪਾਇਆ। ਉਨ੍ਹਾਂ ਨੇ ਕਿਸਾਨਾਂ ਦੀ ਮੌਜੂਦਾ ਜਿੱਤ ’ਤੇ ਵੀ ਸਮੂਹ ਜਥੇਬੰਦੀਆ ਨੂੰ ਵਧਾਈ ਦਿੱਤੀ। ਸਹਾਰਾ ਵੈਲਫੇਅਰ ਕਲੱਬ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਨੇ ਆਪਣੇ ਸੰਬੋਧਨ ਵਿਚ ਸਮਾਜ ਅੰਦਰ ਦਿਨ-ਬਦਿਨ ਵਧ ਰਹੀਆਂ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ’ਤੇ ਭਾਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਨ੍ਹਾਂ ਕੁਰੀਤੀਆਂ ’ਤੇ ਕਾਬੂ ਪਾਉਣ ਸਬੰਧੀ ਚਰਚਾ ਕੀਤੀ। ਉਨ੍ਹਾਂ ਸਥਾਨਕ ਬੁੱਧੀਜੀਵੀਆਂ ਨੂੰ ਸਮਾਜਿਕ ਚੇਤਨਾ ਪੈਦਾ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਦਵਿੰਦਰ ਸਿੰਘ ਮੂਨਕਾਂ, ਕਿਸਾਨ ਆਗੂ ਗੁਰਦੇਵ ਸਿੰਘ ਅਤੇ ਕੁਲਦੀਪ ਸਿੰਘ ਬੇਗੋਵਾਲ ਨੇ ਦਿੱਲੀ ਸੰਘਰਸ਼ ਦੇ ਵੱਖ- ਵੱਖ ਤਜ਼ਰਬਿਆਂ ਨੂੰ ਹਾਜ਼ਰ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਰਜਿੰਦਰ ਸਿੰਘ ਮਾਰਸ਼ਲ, ਬੱਬੂ ਸੰਧਾਵਾਲੀਆ, ਸੇਵਾ ਸਿੰਘ, ਅਵਤਾਰ ਸਿੰਘ, ਜੀਤਾ ਚੌਹਾਨ, ਨਿਸ਼ਾਨ ਸਿੰਘ, ਮਹਿੰਦਰਪਾਲ ਮਦਾਨ, ਲਾਟੀ ਮਦਾਨ ਅਤੇ ਪਰਦੀਪ ਸਿੰਘ ਵੀ ਮੌਜੂਦ ਸਨ। ਸਮਾਗਮ ਨੂੰ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਸਮਾਪਤ ਕੀਤਾ ਗਿਆ।