ਪੱਤਰ ਪ੍ਰੇਰਕ
ਫਗਵਾੜਾ, 19 ਸਤੰਬਰ
ਸ਼ੂਗਰ ਮਿੱਲ ਲੇਬਰ ਯੂਨੀਅਨ ਫਗਵਾੜਾ ਦਾ ਵਫ਼ਦ ਅੱਜ ਜਰਨੈਲ ਨੰਗਲ ਦੀ ਅਗਵਾਈ ਹੇਠ ਏਡੀਸੀ. ਡਾ. ਨਯਨ ਜੱਸਲ ਨੂੰ ਮਿਲਿਆ ਤੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਮੁਲਾਜ਼ਮਾਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਕਿਸਾਨਾਂ ਦੇ ਗੰਨੇ ਦੀ 72 ਕਰੋੜ ਦੀ ਬਕਾਇਆ ਰਾਸ਼ੀ ਲਈ ਬਹੁਤ ਵੱਡਾ ਅੰਦੋਲਨ ਹੋ ਰਿਹਾ ਹੈ ਜਿਸ ਦੀ ਉਹ ਵੀ ਹਮਾਇਤ ਕਰਦੇ ਹਾਂ ਪਰ ਇਸ ਮਿੱਲ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪਿਛਲੇ 3 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ, ਉਸ ਬਾਰੇ ਕੋਈ ਆਵਾਜ਼ ਨਹੀਂ ਚੁੱਕ ਰਿਹਾ।ਉਨ੍ਹਾਂ ਕਿਹਾ ਕਿ ਮਿੱਲ ਮਾਲਕ ਵਲੋਂ ਮਜ਼ਦੂਰਾਂ ਦਾ ਫ਼ੰਡ ਕੱਟਿਆ ਗਿਆ ਹੈ ਪਰ ਉਨ੍ਹਾਂ ਦੇ ਖਾਤੇ ’ਚ ਜਮ੍ਹਾਂ ਨਹੀਂ ਕਰਵਾਇਆ, ਮਜ਼ਦੂਰਾਂ ਦੇ ਬੀਮੇ ਦੀ ਕਿਸ਼ਤ ਕੱਟੀ ਗਈ ਪਰ ਮਜ਼ਦੂਰਾਂ ਦੇ ਖਾਤੇ ’ਚ ਜਮ੍ਹਾਂ ਨਹੀਂ ਕਰਵਾਈ, ਇਥੋਂ ਤੱਕ ਕਿ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਦਾ ਪੈਸਾ ਕੱਟਿਆ ਗਿਆ ਪਰ ਉਹ ਬਿੱਲ ਵੀ ਜਮ੍ਹਾ ਨਹੀਂ ਕਰਵਾਏ ਗਏ ਇਸ ਕਰਕੇ ਮਿੱਲ ਮਾਲਕ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਮਿੱਲ ਨੂੰ ਕਿਸੇ ਵੀ ਹਾਲਤ ’ਚ ਬੰਦ ਨਾ ਕੀਤਾ ਜਾਵੇ ਤੇ ਮਿੱਲ ਨੂੰ ਚਲਾਇਆ ਜਾਵੇ ਤੇ ਮਜ਼ਦੂਰਾਂ ਦੀ ਤਨਖ਼ਾਹ ਜਲਦ ਤੋਂ ਜਲਦ ਮਜ਼ਦੂਰਾਂ ਦੇ ਖਾਤੇ ’ਚ ਪਾਈ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪ੍ਰਧਾਨ, ਸੁਖਦੇਵ ਚੌਕੜੀਆ, ਅਵਤਾਰ ਸਿੰਘ, ਬਲਜੀਤ ਸਿੰਘ ਜਨਰਲ ਸੈਕਟਰੀ, ਜਸਵੰਤ ਸਿੰਘ ਜੱਸਾ ਅਤੇ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ ।