ਪੱਤਰ ਪ੍ਰੇਰਕ
ਜਲੰਧਰ, 16 ਅਪਰੈਲ
ਆਦਮਪੁਰ ਕਸਬੇ ਵਿੱਚ 17 ਘੰਟੇ ਤੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੋਏ। ਬੀਤੀ ਰਾਤ 11 ਵਜੇ ਆਦਮਪੁਰ ਵਿੱਚ ਬਿਜਲੀ ਬੰਦ ਹੋ ਗਈ ਸੀ। ਅੱਜ ਸ਼ਾਮ 4.15 ਵਜੇ ਦੇ ਕਰੀਬ ਬਿਜਲੀ ਦੀ ਸਪਲਾਈ ਬਹਾਲ ਹੋਈ। ਬਿਜਲੀ ਨਾ ਹੋਣ ਕਾਰਨ ਕਈ ਥਾਵਾਂ ’ਤੇ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ। ਇਸ ਕਾਰਨ ਆਦਮਪੁਰ ਵਾਸੀ ਪਾਣੀ ਲਈ ਤਰਸੇ ਦਿਖਾਈ ਦਿੱਤੇ। ਇੱਥੋਂ ਦੇ ਲੋਕਾਂ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਆਦਮਪੁਰ ਦੀ ਸ਼ਿਕਾਇਤ ਦਰਜ ਕਰਵਾਉਣ ਵਾਲਾ ਫੋਨ ਨੰਬਰ ਵੀ ਬੰਦ ਆ ਰਿਹਾ ਸੀ। ਇਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਇਥੋਂ ਤੱਕ ਕਿ ਕਈਆਂ ਦੇ ਘਰਾਂ ਵਿਚ ਪੀਣ ਵਾਲਾ ਪਾਣੀ ਵੀ ਖ਼ਤਮ ਹੋ ਗਿਆ ਤੇ ਲੋਕ ਲਾਗਲੇ ਘਰਾਂ ਵਿਚ ਪਾਣੀ ਮੰਗਦੇ ਦੇਖੇ ਗਏ। ਲੋਕਾਂ ਦਾ ਕਹਿਣਾ ਸੀ ਕਿ ਆਦਮਪੁਰ ਦੀ ਇੱਕ ਫੀਡਰ ਜ਼ਿਆਦਾਤਰ ਖ਼ਰਾਬ ਹੀ ਰਹਿੰਦਾ ਹੈ, ਇਸ ਵਿਚ ਕਈ-ਕਈ ਘੰਟੇ ਬਿਜਲੀ ਸਪਲਾਈ ਬੰਦ ਰਹਿੰਦੀ ਹੈ। ਅੱਜ ਵੀ ਕਈ ਥਾਵਾਂ ’ਤੇ ਬਿਜਲੀ ਦੀ ਸਪਲਾਈ ਬਹਾਲ ਹੋ ਗਈ ਪਰ ਕਈ ਥਾਵਾਂ ’ਤੇ ਤਾਂ 17 ਘੰਟੇ ਤੋਂ ਬਾਅਦ ਹੀ ਆਈ। ਅੱਜ ਦੁਰਗਾ ਅਸ਼ਟਮੀ ਮੌਕੇ ਬਿਜਲੀ ਤੇ ਪਾਣੀ ਨਾ ਹੋਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹੋਏ ਤੇ ਕਈਆਂ ਵਲੋਂ ਕੰਜਕ ਪੂਜਾ ਕਾਫ਼ੀ ਲੇਟ ਕੀਤੀ।
ਇਸ ਸਬੰਧ ਵਿੱਚ ਆਦਮਪੁਰ ਦੇ ਐੱਸਡੀਓ ਨੇ ਕਿਹਾ ਕਿ ਬੀਤੀ ਰਾਤ ਲਾਈਨਾਂ ਵਿਚ ਨੁਕਸ ਪੈਣ ਕਾਰਨ ਅੱਜ ਬਿਜਲੀ ਬੰਦ ਰਹੀ। ਇਸ ਕਾਰਨ ਕੱਲ੍ਹ 10 ਘੰਟੇ ਸਪਲਾਈ ਬੰਦ ਕਰਨੀ ਪਈ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਵਲੋਂ ਹੁਣ ਪਹਿਲ ਦੇ ਆਧਾਰ ’ਤੇ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾ ਰਿਹਾ ਹੈ।