ਪਾਲ ਸਿੰਘ ਨੌਲੀ
ਜਲੰਧਰ, 4 ਫਰਵਰੀ
ਬਿਨਾਂ ਆਗਿਆ ਮੀਡੀਆ ’ਚ ਇਸ਼ਤਿਹਾਰ ਦੇਣ ਵਾਲੇ 16 ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਕੱਢੇ ਗਏ ਸਨ, ਉਨ੍ਹਾਂ ’ਚੋਂ ਬਹੁਤਿਆਂ ਦੇ ਜਵਾਬ ਦਿਲਚਸਪ ਹਨ। ਪੜ੍ਹੇ-ਲਿਖੇ ਉਮੀਦਵਾਰਾਂ ਨੇ ਆਪਣੇ ਆਪ ਨੂੰ ਅਣਭੋਲ ਦੱਸਿਆ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਉਮੀਦਵਾਰਾਂ ਨੂੰ ਨੋਟਿਸ ਭੇਜ ਕੇ 24 ਘੰਟਿਆਂ ਵਿਚ ਜਵਾਬ ਮੰਗੇ ਸਨ। ਕਈਆਂ ਨੇ ਤਾਂ ਇਹ ਜਵਾਬ ਦਿੱਤੇ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਇਸ਼ਤਿਹਾਰ ਛਪਵਾਉਣ ਲਈ ਅਗਾਊਂ ਆਗਿਆ ਵੀ ਲੈਣੀ ਹੈ। ਕਈ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਕੌਣ ਉਨ੍ਹਾਂ ਦੇ ਨਾਂ ’ਤੇ ਇਸ਼ਤਿਹਾਰ ਛਪਵਾ ਗਿਆ। ਕਈ ਉਮੀਦਵਾਰਾਂ ਨੇ ਇਨ੍ਹਾਂ ਇਸ਼ਤਿਹਾਰਾਂ ਦਾ ਖ਼ਰਚਾ ਆਪਣੇ ਚੋਣ ਖ਼ਰਚੇ ਵਿਚ ਜੋੜਨ ਲਈ ਵੀ ਚੋਣ ਕਮਿਸ਼ਨ ਨੂੰ ਕਿਹਾ ਹੈ।
ਜਾਣਕਾਰੀ ਅਨੁਸਾਰ ਇਸ਼ਤਿਹਾਰ ਛਪਵਾਉਣ ਦੀ ਉਲੰਘਣਾ ਕਰਨ ਵਾਲਿਆਂ ਵਿਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਸ਼ਾਮਲ ਹਨ।
ਬਿਨਾਂ ਆਗਿਆ ਤੋਂ ਇਸ਼ਤਿਹਾਰ ਨਾ ਦਿੱਤਾ ਜਾਵੇ: ਚੋਣ ਅਧਿਕਾਰੀ
ਚੋਣ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੇ ਬਿਨਾਂ ਆਗਿਆ ਤੋਂ ਇਸ਼ਤਿਹਾਰ ਛਾਪੇ ਸਨ, ਉਨ੍ਹਾਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਦਾ ਖ਼ਰਚਾ ਉਮੀਦਵਾਰਾਂ ਦੇ ਖ਼ਰਚਿਆਂ ’ਚ ਸ਼ਾਮਲ ਕੀਤਾ ਜਾਵੇ। ਸਾਰੇ ਉਮੀਦਵਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਭਵਿੱਖ ਵਿਚ ਬਿਨਾਂ ਆਗਿਆ ਤੋਂ ਕੋਈ ਵੀ ਇਸ਼ਤਿਹਾਰ ਨਾ ਦਿੱਤਾ ਜਾਵੇ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਵੇਂ ਇਹ ਇਸ਼ਤਿਹਾਰ 26 ਜਨਵਰੀ ਦੇ ਸਬੰਧ ਵਿਚ ਸਨ ਪਰ ਉਨ੍ਹਾਂ ਇਸ਼ਤਿਹਾਰਾਂ ਦੇ ਹੇਠਾਂ ਹਲਕੇ ਦੇ ਉਮੀਦਵਾਰ ਹੋਣ ਦਾ ਜ਼ਿਕਰ ਵੀ ਸੀ ਜਿਸ ਕਾਰਨ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ।