ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਨਵੰਬਰ
ਕਮਿਸ਼ਨਰੇਟ ਪੁਲੀਸ ਨੇ ਅਦਾਲਤ ’ਚ ਫ਼ਰਜ਼ੀ ਦਸਤਾਵੇਜ਼ਾਂ ਨਾਲ ਜੇਲ੍ਹ ’ਚ ਬੰਦ ਦੋਸ਼ੀਆਂ ਦੀ ਜ਼ਮਾਨਤ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗਰੋਹ ’ਚ ਇਕ ਔਰਤ ਸਮੇਤ ਅੱਠ ਜਣੇ ਸ਼ਾਮਲ ਹਨ। ਔਰਤ ਜਲੰਧਰ ਕਚਹਿਰੀ ਚੌਕ ’ਚ ਫੋਟੋ ਸਟੇਟ ਦੀ ਦੁਕਾਨ ਚਲਾਉਂਦੀ ਹੈ ਤੇ ਫ਼ਰਜ਼ੀ ਜ਼ਮਾਨਤ ਵਾਲੇ ਗਰੋਹ ਨੂੰ ਇਸੇ ਦੁਕਾਨ ਤੋਂ ਫ਼ਰਜ਼ੀ ਆਧਾਰ ਕਾਰਡ ਪ੍ਰਿੰਟ ਕਰ ਕੇ ਦਿੱਤੇ ਜਾਂਦੇ ਸਨ। ਜ਼ਿਕਰਯੋਗ ਹੈ ਕਿ ਇਸ ਗਰੋਹ ਦੀ ਜ਼ਮਾਨਤ ’ਤੇ ਬਾਹਰ ਆ ਕੇ ਦੋਸ਼ੀ ਦੌੜ ਜਾਂਦਾ ਸੀ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲੀਸ ਪਾਰਟੀ ਕਮਲ ਪੈਲੇਸ ਚੌਕ ’ਚ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੋਗਾ ਜ਼ਿਲ੍ਹੇ ਦੇ ਜਲਾਲਪੁਰ ਧਰਮਕੋਟ ਦੇ ਪਿੰਡ ਸਈਦ ਦਾ ਰਹਿਣ ਵਾਲਾ ਤਰਲੋਕ ਸਿੰਘ, ਬਸਤੀ ਧਰਮਕੋਟ ਦੇ ਚੁੱਗਾ ਰੋਡ ਦਾ ਗੁਰਮੇਲ ਸਿੰਘ, ਭੱਟੀ ਬਸਤੀ ਧਰਮਕੋਟ ਦਾ ਹਰਬੰਸ ਸਿੰਘ ਤੇ ਬਲਵੀਰ ਸਿੰਘ, ਬਸਤੀ ਭਾਈ ਖੂਹ ਧਰਮਕੋਟ ਦਾ ਵਿਜੇ ਕੁਮਾਰ, ਪਿੰਡ ਸਈਦ ਦਾ ਸੰਦੀਪ ਸਿੰਘ, ਭੱਟੀ ਬਸਤੀ ਧਰਮਕੋਟ ਦੀ ਜਸਵਿੰਦਰ ਕੌਰ ਜੇਲ੍ਹ ’ਚ ਬੰਦ ਦੋਸ਼ੀਆਂ ਦੇ ਫ਼ਰਜ਼ੀ ਦਸਤਾਵੇਜ਼ਾਂ ’ਤੇ ਜ਼ਮਾਨਤ ਦਿੰਦੇ ਹਨ। ਇਨ੍ਹਾਂ ਦੋਸ਼ੀਆਂ ਨੇ ਦੂਜੇ ਨਾਂਵਾਂ ਨਾਲ ਨਕਲੀ ਦਸਤਾਵੇਜ਼, ਆਧਾਰ ਕਾਰਡ ਤਿਆਰ ਕੀਤੇ ਹੋਏ ਹਨ। ਕਚਹਿਰੀ ਚੌਂਕ ਜਲੰਧਰ ’ਚ ਫੋਟੋ ਸਟੇਟ ਚਲਾਉਣ ਵਾਲੀ ਰਜਨੀ ਨਾਂ ਦੀ ਔਰਤ ਇਨ੍ਹਾਂ ਨੂੰ ਨਕਲੀ ਆਧਾਰ ਕਾਰਡ ਪ੍ਰਿੰਟ ਕਰ ਕੇ ਦਿੰਦੀ ਹੈ। ਪੁਲੀਸ ਨੇ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ।
ਧੋਖਾਧੜੀ ਕਰਨ ਦੇ ਜੁਰਮ ਵਿੱਚ ਜੋੜਾ ਨਾਮਜ਼ਦ
ਪਠਾਨਕੋਟ (ਪੱਤਰ ਪ੍ਰੇਰਕ ): ਥਾਣਾ ਸੁਜਾਨਪੁਰ ਦੀ ਪੁਲੀਸ ਨੇ ਵਪਾਰੀ ਨਾਲ 25 ਲੱਖ ਦੀ ਧੋਖਾਧੜੀ ਕਰਨ ਦੇ ਜੁਰਮ ਵਿੱਚ ਪਤੀ-ਪਤਨੀ ਖਿਲਾਫ ਕੇਸ ਦਰਜ ਕੀਤਾ ਹੈ। ਵਿਸ਼ਾਲ ਜੈਨ ਪੁੱਤਰ ਵਿਨੇ ਭੂਸ਼ਨ ਵਾਸੀ ਗੋਬਿੰਦ ਨਗਰ ਅੰਬਾਲਾ ਕੈਂਟ ਨੇ ਦੱਸਿਆ ਕਿ ਮੁਲਜ਼ਮ ਵਿਸ਼ਾਲ ਹਾਂਡਾ ਤੇ ਉਸ ਦੀ ਪਤਨੀ ਨਤਾਸ਼ਾ ਹਾਂਡਾ ਵਾਸੀਆਨ ਪਠਾਨਕੋਟ ਨੇ ਐਚਜੀਆਈ ਐਸੋਸੀਏਟਸ ਨਾਂ ਦੀ ਫਰਮ ਬਣਾਈ ਹੋਈ ਸੀ ਜੋ ਇਹ ਕੰਪਨੀ ਵੱਡੀਆਂ ਕੰਪਨੀਆਂ ਤੋਂ ਸਕੈਨਿੰਗ ਦਾ ਕੰਮ ਲੈ ਕੇ ਅੱਗੇ ਛੋਟੀਆਂ ਕੰਪਨੀਆਂ ਨੂੰ ਦਿੰਦੀ ਸੀ। ਵਿਸ਼ਾਲ ਜੈਨ ਦਾ ਵਿਸ਼ਾਲ ਹਾਂਡਾ ਅਤੇ ਨਤਾਸ਼ਾ ਹਾਂਡਾ ਨਾਲ 12 ਕਰੋੜ ਪੇਜਾਂ ਨੂੰ ਸਕੈਨ ਕਰਨ ਦਾ ਸੌਦਾ ਹੋਇਆ ਸੀ। ਮੁਲਜ਼ਮਾਂ ਨੇ ਉਸ ਕੋਲੋਂ 5 ਲੱਖ ਰੁਪਏ ਆਨਲਾਈਨ ਟਰਾਂਸਫਰ ਕਰਵਾ ਲਏ ਅਤੇ 20 ਲੱਖ ਰੁਪਏ ਨਕਦ ਲੈ ਲਏ। ਉਸ ਵਲੋਂ ਪੈਸੇ ਵਾਪਸ ਮੰਗਣ ਤੇ ਇਨ੍ਹਾਂ ਉਸ ਨੂੰ ਕੋਰੀ ਨਾਂਹ ਕਰ ਦਿੱਤੀ। ਇਥਾਣਾ ਸੁਜਾਨਪੁਰ ਦੇ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਐੱਸਪੀ ਹੈਡਕੁਆਟਰ ਮਨੋਜ ਕੁਮਾਰ ਵਲੋਂ ਕਰਨ ਉਪਰੰਤ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।