ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਦਸੰਬਰ
ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਅੱਜ ਪ੍ਰੀ-ਨਿਰਵਾਣ ਦਿਵਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਉਨ੍ਹਾਂ ਦੇ ਬੁੱਤ ’ਤੇ ਫੁੱਲ ਅਰਪਿਤ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਬਾਬਾ ਸਾਹਿਬ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੰਦਿਆਂ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ। ਇਸ ਮੌਕੇ ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਇਕਬਾਲ ਸਿੰਘ, ਨਰੇਸ਼ ਕੌਲ, ਵਰਿੰਦਰ ਕੁਮਾਰ, ਪੁਰਸ਼ੋਤਮ ਲਾਲ, ਤਜਿੰਦਰ ਸਿੰਘ, ਸਾਲਿਗ੍ਰਾਮ, ਰਵੀ ਕੁਮਾਰ ਜੋਧਾ ਅਤੇ ਪਰਮਿੰਦਰ ਕੁਮਾਰ ਮੌਜੂਦ ਸਨ।
ਫਗਵਾੜਾ (ਪੱਤਰ ਪ੍ਰੇਰਕ): ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਅੱਜ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਖ ਵੱਖ ਸਮਾਗਮਾ ’ਚ ਸ਼ਾਮਲ ਹੋਏ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਹਿਲਾਂ ਪਲਾਹੀ ਗੇਟ ਵਿੱਚ ਹੋਏ ਸਮਾਗਮ ਵਿੱਚ ਉਹ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਜੀਟੀ ਰੋਡ ਵਿੱਚ ਡਾ. ਬੀਆਰ ਅੰਬੇਡਕਰ ਬਲੱਡ ਸੰਸਥਾ ਵਲੋਂ ਲਗਾਏ ਖੂਨਦਾਨ ਕੈਂਪ ਮੌਕੇ ਵੀ ਸ਼ਾਮਲ ਹੋਏ ਤੇ ਸ਼ਮ੍ਹਾ ਰੌਸ਼ਨ ਕਰਕੇ ਆਗਾਜ ਕੀਤਾ। ਇਸ ਮੌਕੇ ਮੋਹਨ ਲਾਲ, ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ, ਸੰਜੀਵ ਬੁੱਗਾ ਸ਼ਹਿਰੀ ਪ੍ਰਧਾਨ ਹਾਜ਼ਰ ਸਨ। ਇਸੇ ਦੌਰਾਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਪ੍ਰੀ ਨਿਰਵਾਨ ਦਿਵਸ ਮੌਕੇ ਅੱਜ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਵਿਚ ਸਥਾਪਤ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ।
ਪਠਾਨਕੋਟ (ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਭਗਤ ਦੀ ਅਗਵਾਈ ਵਿੱਚ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਚੋਣ ਇੰਚਾਰਜ ਅਸ਼ੋਕ ਸ਼ਰਮਾ ਐਡਵੋਕੇਟ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਕੁਆਰਡੀਨੇਟਰ ਕਰਨੈਲ ਚੰਦ, ਗੁਰਮਿੰਦਰ ਸਿੰਘ ਚਾਵਲਾ, ਵਿਨੇ ਸ਼ਰਮਾ ਹਾਜ਼ਰ ਸਨ।
ਮੁਕੇਰੀਆਂ (ਪੱਤਰ ਪ੍ਰੇਰਕ): ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਅਕਾਲੀ ਦਲ-ਬਸਪਾ ਵਰਕਰਾਂ ਵੱਲੋਂ ਸਾਂਝੇ ਤੌਰ ’ਤੇ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਤੇ ਬਸਪਾ ਦੇ ਜ਼ੋਨ ਇੰਚਾਰਜ ਗੋਬਿੰਦ ਸਿੰਘ ਕਾਨੂੰਗੋ ਦੀ ਅਗਵਾਈ ਵਿੱਚ ਅੰਬੇਡਕਰ ਪਾਰਕ ਵਿੱਚ ਵਰਕਰਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸਾਬਕਾ ਕੌਂਸਲਰ ਮਨਮੋਹਨ ਸਿੰਘ ਹਾਜ਼ਰ ਸਨ।
ਵਿਧਾਇਕ ਨੇ ਪਾੜ੍ਹਿਆਂ ਨੂੰ ਕਾਪੀਆਂ ਵੰਡੀਆਂ
ਬਲਾਚੌਰ ( ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਡਾ. ਬੀ.ਆਰ. ਅੰਬੇਡਕਰ ਦੇ 65ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ ਪਿੰਡ ਭੱਲਾ ਬੇਟ ਦੇ ਸਕੂਲ ਵਿੱਚ ਕਰਵਾਏ ਸਮਾਰੋਹ ਦੌਰਾਨ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ। ਇਸ ਤੋਂ ਪਹਿਲਾਂ ਉਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਵਿਧਾਇਕ ਮੰਗੂਪੁਰ ਵਲੋਂ ਪਿੰਡ ਭੱਲਾ ਬੇਟ ਅਤੇ ਪਿੰਡ ਰਾਮਗੜ੍ਹ ਪਨਿਆਲੀ ਦੇ ਵਿਕਾਸ ਕਾਰਜਾਂ ਲਈ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕ੍ਰਮਵਾਰ 4.25 ਲੱਖ ਰੁਪਏ ਅਤੇ 4.50 ਲੱਖ ਰੁਪਏ ਦੇ ਚੈੱਕ ਸੌਂਪੇ ਗਏ।