ਸੁਰਜੀਤ ਮਜਾਰੀ
ਬੰਗਾ, 10 ਜੁਲਾਈ
ਇੱਥੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਵਧ ਰਹੀ ਗਿਣਤੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਹੁਣ ਤੱਕ ਦਰਜਨ ਤੋਂ ਟੱਪ ਚੁੱਕੀ ਇਸ ਗਿਣਤੀ ’ਚ ਪ੍ਰਮੁੱਖ ਤੌਰ ’ਤੇ ਇੱਥੋਂ ਕਾਂਗਰਸ ਦੀ ਟਿਕਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਅਤੇ ਦੋ ਵਾਰ ਹੀ ਬਾਗੀ ਹੋ ਚੁੱਕੇ ਚੌਧਰੀ ਤਰਲੋਚਨ ਸਿੰਘ ਸੂੰਢ, ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹਿਣ ਤੋਂ ਬਾਅਦ ਕਾਂਗਰਸ ’ਚ ਆਏ ਚੌਧਰੀ ਮੋਹਣ ਲਾਲ ਬਹਿਰਾਮ, ਕਾਂਗਰਸ ਪਾਰਟੀ ਦੀ ਟਿਕਟ ਤੋਂ ਪਿਛਲੀ ਵਾਰ ਇੱਥੋਂ ਉਮੀਦਵਾਰ ਰਹੇ ਸਵ. ਸਤਨਾਮ ਕੈਂਥ ਦੇ ਫਰਜੰਦ ਡਾ. ਹਰਪ੍ਰੀਤ ਸਿੰਘ ਕੈਂਥ ਅਤੇ ਬਸਪਾ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਠੇਕੇਦਾਰ ਰਾਜਿੰਦਰ ਸਿੰਘ ਜਿਨ੍ਹਾਂ ਪਿਛਲੀ ਵਾਰ ਇੱਥੋਂ ਬਸਪਾ ਵੱਲੋਂ ਚੋਣ ਵੀ ਲੜੀ ਸੀ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇੱਥੋਂ ਕਾਂਗਰਸ ਪਾਰਟੀ ਦੀ ਚੋਣ ਲੜਣ ਦੇ ਇੱਛੁਕਾਂ ’ਚ ਮੋਹਣ ਲਾਲ ਸੂਦ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ, ਸੋਖੀ ਰਾਮ ਬੱਜੋਂ ਪ੍ਰਧਾਨ ਜ਼ਿਲ੍ਹਾ ਐੱਸਸੀ ਵਿੰਗ, ਕਮਲਜੀਤ ਸਿੰਘ ਮੈਂਬਰ ਜ਼ਿਲ੍ਹਾ ਪਰਿਸ਼ਦ ਸ਼ਾਮਲ ਹਨ। ਕੰਨਸੋਅ ਇਹ ਵੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਸੰਤੋਸ਼ ਚੌਧਰੀ ਤੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ’ਚੋਂ ਜਾਂ ਸਾਬਕਾ ਵਜ਼ੀਰ ਸਰਵਣ ਸਿੰਘ ਫ਼ਿਲੌਰ ਨੂੰ ਇੱਥੋਂ ਉਮੀਦਵਾਰ ਉਤਾਰਿਆ ਜਾ ਸਕਦਾ ਹੈ। ਇਸ ਸਬੰਧੀ ਜਦੋਂ ਕਾਂਗਰਸ ਦੇ ਟਕਸਾਲੀ ਕਾਂਗਰਸੀ ਆਗੂ ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਡੋਗਰ ਰਾਮ ਮੁੁਨੀਮ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ, ਚਰਨਜੀਤ ਕਟਾਰੀਆਂ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਇਤਫ਼ਾਕ ਨਾਲ ਹੀ ਇਸ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਸੰਭਵ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਇੱਥੋਂ ਉਮੀਦਵਾਰੀ ਦਾ ਫ਼ੈਸਲਾ ਲੈ ਲੈਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਹਲਕਾ ਰਾਂਖਵਾਂ ਹੋਣ ਕਾਰਨ ਕਾਂਗਰਸ ਪਾਰਟੀ ਵੱਲੋਂ ਨਾ ਤਾਂ ਅਜੇ ਤੱਕ ਕੋਈ ਦਲਿਤ ਆਗੂ ਨੂੰ ਹਲਕਾ ਇੰਚਾਰਜ ਲਾਇਆ ਨਾ ਹੀ ਕੋਈ ਵੱਡੀ ਅਹੁਦੇਦਾਰੀ ਦਿੱਤੀ ਹੈ।
ਪੱਲੀ ਝਿੱਕੀ ਵੱਲੋਂ ਸਾਰੀ ਟੀਮ ਇੱਕਜੁੱਟ ਹੋਣ ਦਾ ਦਾਅਵਾ
ਬੰਗਾ ਅੰਦਰ ਕਾਂਗਰਸ ਉਮੀਦਵਾਰਾਂ ਦੀ ਵੱਧ ਰਹੀ ਗਿਣਤੀ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਉਹ ਲੰਬੇ ਅਰਸੇੇ ਤੋਂ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਅੰਦਰ ਸਾਰੀ ਟੀਮ ਇੱਕਜੁਟ ਹੈ ਅਤੇ ਜਿਸ ਵੀ ਉਮੀਦਵਾਰ ਨੂੰ ਥਾਪੜਾ ਮਿਲਦਾ ਹੈ ਉਸ ਦੀ ਹਮਾਇਤ ਲਈ ਸਾਰਿਆਂ ਨੂੰ ਤਨਦੇਹੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ।