ਪੱਤਰ ਪ੍ਰੇਰਕ
ਭੁਲੱਥ, 19 ਫਰਵਰੀ
ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਅੱਜ ਆਖਰੀ ਦਿਨ ਉਮੀਦਵਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਵੀ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਣ ਲਈ ਪੂਰਾ ਜ਼ੋਰ ਲਾਇਆ। ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਤੇ ਉਸ ਦੀ ਪਤਨੀ ਜਤਿੰਦਰ ਕੌਰ, ਪੁੱਤਰ ਮਹਿਤਾਬ ਸਿੰਘ ਖਹਿਰਾ, ਨੂੰਹ ਵਿਰੀਤ ਖਹਿਰਾ ਤੇ ਹੋਰ ਪਰਿਵਾਰਕ ਰਿਸ਼ਤੇਦਾਰਾਂ ਨੇ ਭਟਨੂਰਾ ਕਲਾਂ, ਭਟਨੂਰਾ ਖੁਰਦ, ਬਜਾਜ, ਲੰਮੇ ਜੈਦ, ਬੱਸੀ, ਨਡਾਲੀ, ਢਿੱਲਵਾਂ, ਨਡਾਲਾ ਦੇ ਲਾਗਲੇ ਪਿੰਡਾਂ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ, ਬੇਟੀ ਰਜਨੀਤ ਕੌਰ ਡੇਜ਼ੀ, ਜਵਾਈ ਯੁਵਰਾਜ ਭੁਪਿੰਦਰ ਸਿੰਘ ਨੇ ਸਾਥੀਆਂ ਸਮੇਤ ਭੁਲੱਥ, ਨਡਾਲਾ, ਬੇਗੋਵਾਲ, ਧਾਲੀਵਾਲ, ਲੱਖਣ ਕੇ ਪੱਡਾ, ਖੱਸਣ ਤੇ ਹੋਰ ਪਿੰਡਾਂ ਵਿੱਚ ਡੋਰ-ਟੂ- ਡੋਰ ਪ੍ਰਚਾਰ ਕੀਤਾ। ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਰਾਣਾ, ਉਨ੍ਹਾਂ ਦੇ ਬੇਟੇ ਹਰਸਿਮਰਨ ਸਿੰਘ ਘੁੰਮਣ, ਭਤੀਜੇ ਪ੍ਰਭਜੋਤ ਸਿੰਘ ਘੁੰਮਣ ਤੇ ਉਨ੍ਹਾਂ ਦੀ ਟੀਮ ਨੇ ਡਿਜੀਟਲ ਮੀਡੀਆ ’ਤੇ ਵੱਖ-ਵੱਖ ਪਿੰਡਾਂ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਪੰਜਾਬ ਲੋਕ ਕਾਂਗਰਸ ਦੇ ਅਮਨਦੀਪ ਸਿੰਘ ਗਿੱਲ, ਅਕਾਲੀ ਦਲ (ਅ) ਦੇ ਰਾਜਿੰਦਰ ਸਿੰਘ ਫੌਜੀ, ਸੰਯੁਕਤ ਕਿਸਾਨ ਸੰਘਰਸ਼ ਪਾਰਟੀ ਦੇ ਸਰਬਜੀਤ ਸਿੰਘ ਲੁਬਾਣਾ ਨੇ ਵੀ ਡਿਜੀਟਲ ਮੀਡੀਆ ’ਤੇ ਆਪਣੇ ਹੱਕ ਵਿਚ ਵੋਟਿੰਗ ਕਰਨ ਲਈ ਅਪੀਲਾਂ ਕੀਤੀਆਂ।