ਪੱਤਰ ਪ੍ਰੇਰਕ
ਹੁਸ਼ਿਆਰਪੁਰ, 24 ਮਈ
ਬਾਲੀ ਹਸਪਤਾਲ ਹੁਸ਼ਿਆਰਪੁਰ ਵਲੋਂ ਹਰਿਆਣਾ ਸੜਕ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਕੋਵਿਡ ਦਾ ਸ਼ਿਕਾਰ ਹੋਏ ਵਿਅਕਤੀਆਂ ਦਾ ਸਸਕਾਰ ਵਾਲੇ ਸਟਾਫ਼ ਲਈ ਪੀਪੀਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਸਾਬਕਾ ਰਾਜ ਸਭਾ ਮੈਂਬਰ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਅਤੇ ਡਾ. ਜਮੀਲ ਬਾਲੀ ਵਲੋਂ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੂੰ ਇਹ ਕਿੱਟਾਂ ਅੱਜ ਸੌਂਪੀਆਂ ਗਈਆਂ। ਸ੍ਰੀ ਖੰਨਾ ਜੋ ਹਰ ਐਤਵਾਰ ਨੂੰ ਕੋਵਿਡ ਕਾਰਨ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਦੀ ਪ੍ਰਾਰਥਨਾ ਕਰਨ ਸ਼ਮਸ਼ਾਨਘਾਟ ਜਾਂਦੇ ਹਨ, ਦੇ ਧਿਆਨ ਵਿਚ ਆਇਆ ਸੀ ਕਿ ਸ਼ਮਸ਼ਾਨਘਾਟ ਦਾ ਸਟਾਫ਼ ਜਾਨ ਜੋਖਮ ਵਿਚ ਪਾ ਕੇ ਕੋਵਿਡ ਦੇ ਮ੍ਰਿਤਕਾਂ ਦਾ ਸਸਕਾਰ ਕਰਦਾ ਹੈ। ਉਨ੍ਹਾਂ ਦੀ ਬੇਨਤੀ ’ਤੇ ਡਾ. ਬਾਲੀ ਨੇ ਸਟਾਫ਼ ਲਈ ਪੀਪੀਈ ਕਿੱਟਾਂ ਦਾ ਪ੍ਰਬੰਧ ਕੀਤਾ। ਸ੍ਰੀ ਖੰਨਾ ਨੇ ਕਿਹਾ ਕਿ ਅੱਜ ਜਦੋਂ ਲੋਕ ਕੋਵਿਡ ਦੇ ਡਰ ਕਰਕੇ ਇਸ ਬਿਮਾਰੀ ਕਾਰਨ ਜਾਨ ਗੁਆਉਣ ਵਾਲੇ ਆਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਡਰਦੇ ਹਨ, ਸ਼ਮਸ਼ਾਨਘਾਟ ਦੇ ਕਰਮਚਾਰੀ ਬੜੀ ਦਲੇਰੀ ਨਾਲ ਕੰਮ ਕਰ ਰਹੇ ਹਨ ਜੋ ਸ਼ਲਾਘਾਯੋਗ ਹੈ।