ਪੱਤਰ ਪ੍ਰੇਰਕ
ਦਸੂਹਾ, 16 ਮਈ
ਇੱਥੋਂ ਦੇ ਜਗਦੀਸ਼ ਚੰਦਰ ਡੀਏਵੀ ਕਾਲਜ ਵਿੱਚ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਦੀ ਅਗਵਾਈ ਹੇਠ 48ਵੀ ਕੋਨਵੋਕੇਸ਼ਨ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕੀਤਾ। ਸਮਾਰੋਹ ਦਾ ਆਗਾਜ਼ ਡੀਏਵੀ ਗਾਇਨ ਮਗਰੋਂ ਹੋਇਆ। ਡੀਨ ਪ੍ਰੀਖਿਆਵਾਂ ਪ੍ਰੋ. ਰਾਕੇਸ਼ ਮਹਾਜਨ ਨੇ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਬਿਆਨ ਕੀਤੀ । ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਸੰਦੀਪ ਹੰਸ ਨੇ ਅਕਾਦਮਿਕ ਪ੍ਰਾਪਤੀਆਂ ਦੇ ਨਾਲ ਨਾਲ ਚਰਿੱਤਰ ਨੂੰ ਸੰਵਾਰਨ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਮਹਿਮਾਨਾਂ ਨੇ ਵੱਖ-ਵੱਖ ਕੋਰਸਾਂ ਵਿੱਚ ਪੋਸਟ-ਗ੍ਰੈਜੂਏਟ ਅਤੇ ਗ੍ਰੈਜੂਏਟ ਪਾਸ 800 ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕੀਤੀਆਂ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ‘ਚ ਕਾਲਜ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਮੰਚ ਦਾ ਸੰਚਾਲਨ ਡਾ. ਅਮਨਦੀਪ ਰਾਣਾ ਅਤੇ ਡਾ. ਅਮਰਦੀਪ ਗਿਰੀਸ਼ ਕੁਮਾਰ ਨੇ ਕੀਤਾ। ਸਟਾਫ ਸੈਕਟਰੀ ਡਾ. ਭਾਨੂੰ ਗੁਪਤਾ ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।