ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ਅਮਰੀਕਾ ਵਾਸੀ ਨਾਵਲਕਾਰ ਬਿੱਕਰ ਐਸ਼ੀ ਕੰਮੇਆਣਾ ਦੇ ਨਾਵਲ ‘ਬਿਨ ਖੰਭਾਂ ਪਰਵਾਜ਼’ ’ਤੇ ਗੋਸ਼ਟੀ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਅਤੇ ਨਾਮਵਰ ਸ਼ਾਇਰਾ ਡਾ. ਗੁਰਚਰਨ ਕੌਰ ਕੌਚਰ ਨੇ ਕੀਤੀ। ਇਸ ਵਿਚ ਡਾ. ਸੁਦਰਸ਼ਨ ਗਾਸੋ, ਡਾ. ਗੁਰਦਰਪਾਲ ਸਿੰਘ ਅਤੇ ਡਾ. ਰਾਮ ਮੂਰਤੀ ਵੱਲੋਂ ਲਿਖੇ ਪਰਚੇ ਪੜ੍ਹੇ ਗਏ। ਡਾ. ਰਾਮ ਮੂਰਤੀ ਵੱਲੋਂ ਲਿਖਿਆ ਪਰਚਾ ਸਭਾ ਦੇ ਖਜ਼ਾਨਚੀ ਪਰਵਿੰਦਰ ਸਿੰਘ ਨੇ ਪੜ੍ਹਿਆ। ਮਲਕੀਤ ਸੈਣੀ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਵੀ ਪਰਵਿੰਦਰ ਸਿੰਘ ਨੇ ਪੜ੍ਹਿਆ। ਸਭਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਨੇ ਇਸ ਨਾਵਲ ਨੂੰ ਸਵੈ-ਜੀਵਨੀ, ਸਫ਼ਰਨਾਮਾ ਤੇ ਗਲਪ ਦਾ ਸੁਮੇਲ ਆਖਿਆ।
ਡਾ. ਗਾਸੋ ਨੇ ਬਿੱਕਰ ਐਸ਼ੀ ਕੰਮੇਆਣਾ ਦੇ ਚੰਗੇ ਨਾਵਲਕਾਰ ਬਣਨ ਦੀਆਂ ਸੰਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਡਾ. ਗੁਰਦਰਪਾਲ ਤੇ ਡਾ. ਗੁਰਚਰਨ ਕੋਚਰ ਨੇ ਨਾਵਲਕਾਰ ਤੇ ਨਾਵਲ ਦੇ ਗੁਣਾਂ ਦਾ ਭਰਪੂਰ ਖ਼ੁਲਾਸਾ ਕੀਤਾ। ਸਭਾ ਵੱਲੋਂ ਪ੍ਰਧਾਨਗੀ ਮੰਡਲ ਤੇ ਪਰਚਾ ਪੜ੍ਹਨ ਵਾਲੇ ਵਿਦਵਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਸਕੱਤਰ ਨੇ ਦੱਸਿਆ ਕਿ ਇਸ ਵਾਰ ਵੀ ਸਭਾ ਵੱਲੋਂ 550 ਬੂਟੇ ਲਾਏ ਗਏ ਹਨ। ਇਸ ਮੌਕੇ ਵਿਨੋਦ ਕੁਮਾਰ ਵਸਲ, ਰਾਜਿੰਦਰ ਸਿੰਘ ਢੱਡਾ, ਰਾਹੁਲ ਚੌਹਾਨ, ਸਰਵਣ ਸਿੰਘ ਸੈਣੀ ਤੇ ਸੱਜਣ ਕੁਮਾਰ ਹਾਜ਼ਰ ਸਨ।