ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਮਈ
ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵੱਲੋਂ ਇਥੇ ਦੇਸ਼ ਭਗਤ ਯਾਦਗਾਰ ਹਾਲ ’ਚ ਅਮਰੀਕਾ (ਸ਼ਿਕਾਗੋ) ਵਸਦੇ ਨਾਵਲਕਾਰ ਮੱਤ ਸਿੰਘ ਢਿੱਲੋਂ ਦੇ ਨਾਵਲ ‘ਸਿਆਸਤਦਾਨ’ ’ਤੇ ਗੋਸ਼ਟੀ ਕਾਰਵਾਈ ਗਈ। ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਨੇ ਆਰੰਭ ਵਿੱਚ ਮੱਤ ਸਿੰਘ ਢਿੱਲੋਂ ਦੀ ਰਚਨਾਕਾਰੀ ’ਤੇ ਚਾਨਣਾ ਪਾਇਆ। ਇਸੇ ਦੌਰਾਨ ਡਾ. ਹਰਮੀਤ ਕੌਰ ਭੁੱਲਰ, ਪ੍ਰੋ. ਕੁਲਜੀਤ ਕੌਰ, ਡਾ. ਰਾਮ ਮੂਰਤੀ ਤੇ ਡਾ. ਬਲਵਿੰਦਰ ਸਿੰਘ ਥਿੰਦ ਨੇ ‘ਸਿਆਸਤਦਾਨ’ ਨਾਵਲ ਬਾਰੇ ਵਿਸਤ੍ਰਿਤ ਤੇ ਸੰਤੁਲਿਤ ਸਮੀਖਿਆ ਸੰਪੰਨ ਪਰਚੇ ਪੜ੍ਹੇ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਦੀ ਕਿਤਾਬ ‘ਅਦੀਬ ਸਮੁੰਦਰੋਂ ਪਾਰ ਦੇ’ ਵੀ ਇਸ ਮੌਕੇ ਰਿਲੀਜ਼ ਕੀਤੀ ਗਈ।
ਪੁਸਤਕ ‘ਸਿਰਜਕਾਂ ਸੰਗ ਸੰਵਾਦ’ ਤੇ ਹੋਈ ਵਿਚਾਰ-ਚਰਚਾ
ਅਟਾਰੀ (ਪੱਤਰ ਪ੍ਰੇਰਕ): ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਵੱਲੋਂ ਰਚਿਤ ਸਾਹਿਤਕ ਮੁਲਾਕਾਤਾਂ ਦੀ ਪੁਸਤਕ ‘ਸਿਰਜਕਾਂ ਸੰਗ ਸੰਵਾਦ’ ’ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ, ਰਾਮ ਤੀਰਥ ਰੋਡ ਵਿੱਚ ਸੰਵਾਦ ਰਚਾਇਆ ਗਿਆ। ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਸ਼੍ਰੋਮਣੀ ਬਾਲ ਸਾਹਿਤ ਲੇਖਕ ਹਿਰਦੇਪਾਲ ਸਿੰਘ, ਉਸਤਾਦ ਗ਼ਜ਼ਲਗੋ ਜਨਾਬ ਸੁਲੱਖਣ ਸਰਹੱਦੀ ਨੇ ਸਾਂਝੇ ਰੂਪ ਵਿੱਚ ਕੀਤੀ।