ਜਗਜੀਤ ਸਿੰਘ/ਭਗਵਾਨ ਦਾਸ ਸੰਦਲ
ਮੁਕੇਰੀਆਂ/ਦਸੂਹਾ, 1 ਅਪਰੈਲ
ਮਹਿਤਾਬਪੁਰ ’ਚ ਜੰਗਲਾਤ ਰਕਬੇ ’ਤੇ ਕਬਜ਼ੇ ਸਬੰਧੀ ਵਿਭਾਗ ਦੀ ਸ਼ਿਕਾਇਤ ’ਤੇ ਦਰਜ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਨਿਰਮਲ ਸਿੰਘ ਦੀ ਰਿਹਾਈ ਲਈ ਥਾਣਾ ਮੁਕੇਰੀਆਂ ਅੰਦਰ ਲਾਏ ਪੱਕੇ ਧਰਨੇ ਨਾਲ-ਨਾਲ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਸੂਹਾ ਵਿੱਚ ਮੁਕੇਰੀਆਂ-ਜਲੰਧਰ ਕੌਮੀ ਮਾਰਗ ’ਤੇ ਹਾਜੀਪੁਰ ਚੌਕ ’ਤੇ ਚੱਕਾ ਜਾਮ ਕਰ ਦਿੱਤਾ। ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਲਾਇਆ ਗਿਆ ਇਹ ਧਰਨਾ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।
ਇਸ ਮੌਕੇ ਸ੍ਰੀ ਚੁਤਾਲਾ ਨੇ ਕਿਹਾ ਕਿ ਅਬਾਦਕਾਰ ਕਿਸਾਨ ਨਿਰਮਲ ਸਿੰਘ ਨੂੰ ਚਾਰ ਦਿਨ ਪਹਿਲਾਂ ਮੁਕੇਰੀਆਂ ਪੁਲੀਸ ਵੱਲੋਂ ਕਥਿਤ ਹਿਰਾਸਤ ’ਚ ਲੈ ਲਿਆ ਗਿਆ ਸੀ, ਜਿਸ ਉਪਰੰਤ ਜੰਗਲਾਤ ਵਿਭਾਗ ਦੀ ਸ਼ਿਕਾਇਤ ਉੱਪਰ ਝੂਠਾ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਰੋਸ ਵਜੋਂ ਕਿਸਾਨਾਂ-ਮਜ਼ਦੂਰਾਂ ਵੱਲੋਂ ਮੁਕੇਰੀਆਂ ਪੁਲੀਸ ਥਾਣੇ ਅੱਗੇ ਧਰਨਾ ਲਾਇਆ ਗਿਆ ਸੀ ਪਰ ਪੁਲੀਸ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ, ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਸ ਰੋਸ ਵਜੋਂ ਹਾਜੀਪੁਰ ਚੌਕ ਦਸੂਹਾ ਵਿੱਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਪੱਕੇ ਤੌਰ ’ਤੇ ਜਾਮ ਕਰ ਕੇ ਧਰਨਾ ਲਾ ਦਿੱਤਾ ਗਿਆ ਹੈ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਤੇ ਪਰਮਜੀਤ ਸਿੰਘ ਭੁੱਲਾ ਨੇ ਕਿਹਾ ਕਿ ਉਕਤ ਜ਼ਮੀਨਾਂ ਕਿਸਾਨਾਂ ਨੇ ਦੇਸ਼ ਦੀ ਵੰਡ ਤੋਂ ਬਾਦ ਆਬਾਦ ਕੀਤੀਆਂ ਹਨ, ਜਦੋਂ ਹੁਣ ਇਹ ਜ਼ਮੀਨਾਂ ਆਬਾਦ ਹੋ ਗਈਆਂ ਹਨ ਤਾਂ ਜੰਗਲਾਤ ਵਿਭਾਗ ਅਤੇ ਸਿਆਸੀ ਲੋਕ ਇਸ ਉੱਪਰ ਧੜਾ ਧੜ ਕਬਜ਼ੇ ਕਰ ਰਹੇ ਹਨ।
ਆਬਾਦਕਾਰ ਗਰੀਬ ਲੋਕਾਂ ਕੋਲੋਂ ਜ਼ਮੀਨਾਂ ਖੋਹ ਕੇ ਆਪਣਾ ਕਬਜ਼ਾ ਜਮਾਉਣ ਲਈ ਜੰਗਲਾਤ ਵਿਭਾਗ ਵੱਲੋਂ ਬੂਟੇ ਲਾਏ ਜਾ ਰਹੇ ਹਨ। ਇੱਥੋਂ ਤੱਕ ਕਿ ਹੁਸ਼ਿਆਰਪੁਰ ਦੇ ਪਿੰਡ ਫੱਤਾ ਕੁੱਲਾ ਅਤੇ ਟਾਹਲੀ ਵਿੱਚ ਲੋਕਾਂ ਦੀਆਂ ਮਾਲਕੀ ਵਾਲੀਆਂ ਜ਼ਮੀਨਾਂ ਵਿੱਚ ਵੀ ਜੰਗਲਾਤ ਵਿਭਾਗ ਵੱਲੋਂ ਧੱਕੇ ਨਾਲ ਪੌਦੇ ਲਾਏ ਜਾ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਆਬਾਦਕਾਰ ਕਿਸਾਨਾਂ ਕੋਲੋਂ ਜ਼ਮੀਨਾਂ ਖੋਹ ਕੇ ਪੌਦੇ ਲਾਏ ਗਏ ਹਨ, ਉਹ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ, ਕਿਸਾਨ ਖਿਲਾਫ਼ ਦਰਜ ਕੀਤਾ ਝੂਠਾ ਕੇਸ ਵਾਪਸ ਲਿਆ ਜਾਵੇ ਅਤੇ ਉਸ ਨੂੰ ਜੇਲ੍ਹ ਤੋਂ ਤੁਰੰਤ ਰਿਹਾਅ ਕੀਤਾ ਜਾਵੇ।