ਜਗਜੀਤ ਸਿੰਘ
ਮੁਕੇਰੀਆਂ, 17 ਅਗਸਤ
ਨੇੜਲੇ ਪਿੰਡ ਕਾਲੂ ਚਾਂਗ ਦੇ ਵਸਨੀਕਾਂ ਨੇ ਪੰਚਾਇਤੀ ਜ਼ਮੀਨ ’ਚੋਂ ਮਿੱਟੀ ਪੁਟਾਉਣ ਨੂੰ ਲੈ ਕੇ ਸਰਪੰਚ ਤੇ ਉਸਦੇ ਪਤੀ ਖ਼ਿਲਾਫ਼ ਕਾਰਵਾਈ ਲਈ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਹਾਜੀਪੁਰ ਅੱਗੇ ਧਰਨਾ ਦਿੱਤਾ। ਹਾਲਾਂਕਿ, ਪੰਚਾਇਤ ਅਧਿਕਾਰੀ ਵਲੋਂ ਸਰਪੰਚ ਖਿਲਾਫ਼ ਕਾਰਵਾਈ ਦਾ ਭਰੋਸੇ ਦਿੱਤੇ ਜਾਣ ਮਗਰੋਂ ਧਰਨਾ ਚੁੱਕ ਲਿਆ ਗਿਆ ਹੈ। ਧਰਨੇ ਵਿੱਚ ਪੁੱਜੀ ਬੀਡੀਪੀਓ ਹਾਜੀਪੁਰ ਸ਼ੁਕਲਾ ਦੇਵੀ ਨੇ ਭਰੋਸਾ ਦਿੱਤਾ ਕਿ ਮਿੱਟੀ ਪੁਟਾਉਣ ਦੇ ਮਾਮਲੇ ਵਿੱਚ ਕਾਰਵਾਈ ਲਈ ਇਜਾਜ਼ਤ ਵਾਸਤੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਧਰਨੇ ਦੌਰਾਨ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਪਿੰਡ ਕਾਲੂ ਚਾਂਗ ਦੀ ਸਰਪੰਚ ਤੇ ਉਸਦੇ ਪਤੀ ਵਲੋਂ ਪੰਚਾਇਤੀ ਜ਼ਮੀਨ ਤੋਂ ਕਥਿਤ ਗੈਰਕਨੂੰਨੀ ਮਾਈਨਿੰਗ ਕਰਕੇ ਪੰਚਾਇਤੀ ਫੰਡਾਂ ਨੂੰ ਖੋਰਾ ਲਗਾਇਆ ਗਿਆ ਹੈ। ਉਸ ਵਲੋਂ ਪੰਚਾਇਤੀ ਫੰਡਾਂ ਵਿੱਚ ਵੀ ਹੇਰਾਫੇਰੀ ਕੀਤੀ ਜਾ ਰਹੀ ਹੈ। ਸਰਪੰਚ ਵਲੋਂ ਬੀਡੀਪੀਓ ਅਤੇ ਮਾਈਨਿੰਗ ਵਿਭਾਗ ਤੋਂ ਇਜਾਜਤ ਲਏ ਬਿਨ੍ਹਾਂ ਪੰਚਾਇਤੀ ਜ਼ਮੀਨ ਤੋਂ ਜੇਸੀਬੀ ਨਾਲ 6 ਫੁੱਟ ਤੋਂ ਵੀ ਵੱਧ ਮਿੱਟੀ ਪੁਟਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਜੇ ਈ ਵਲੋਂ ਬੀਡੀਪੀਓ ਨੂੰ ਸਪੱਸ਼ਟ ਰਿਪੋਰਟ ਦੇਣ ਦੇ ਬਾਵਜੂਦ ਅਧਿਕਾਰੀ ਵਲੋਂ ਸਰਪੰਚ ਖਿਲਾਫ਼ ਕਾਰਵਾਈ ਵਿੱਚ ਢਿੱਲ ਵਰਤੀ ਜਾ ਰਹੀ ਹੈ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਸਨਿਆਲ, ਬਲਵੀਰ ਸਿੰਘ ਸ਼ਿੱਬੋਚੱਕ, ਗੁਰਮੇਲ ਸਿੰਘ ਪਟਿਆਲ, ਰਾਮ ਲੁਭਾਇਆ, ਲਖਵੀਰ ਸਿੰਘ, ਪ੍ਰੀਕਸ਼ਿਤ, ਨਿਰਪਾਲ ਸਿੰਘ, ਸ਼ਾਮ ਸਿੰਘ, ਸੁਰੇਸ਼ ਗੋਧਾਂ ਆਦਿ ਹਾਜ਼ਰ ਸਨ।