ਬਲਵਿੰਦਰ ਸਿੰਘ ਭੰਗੂ
ਭੋਗਪੁਰ, 14 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਲਾਇਸੰਸ ਧਾਰਕਾਂ ਨੂੰ ਅਸਲਾ ਸਬੰਧਤ ਥਾਣਿਆਂ ਵਿਚ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮਾਂ ਨੇ ਬਹੁਤ ਸਾਰੇ ਅਸਲਾ ਲਾਇਸੰਸ ਹੋਲਡਰਾਂ ਦੀ ਜ਼ਿੰਦਗੀ ਜਿੱਥੇ ਖਤਰੇ ਵਿੱਚ ਪਾ ਦਿੱਤੀ ਹੈ, ਉੱਥੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਖਾਸ ਕਰਕੇ ਸੂਰਾਂ ਨੇ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਿੰਡ ਬੁੱਟਰਾਂ ਦੇ ਸ਼ਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਜੰਗਲੀ ਜਾਨਵਰ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਆ ਕੇ ਕਿਸਾਨਾਂ ਦੀਆਂ ਫ਼ਸਲਾਂ ਦੀ ਬਰਬਾਦੀ ਕਰਦੇ ਹਨ। ਦਲਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਪਾਕਿਸਤਾਨ ਇੱਕ ਇਸਲਾਮਿਕ ਮੁਲਕ ਹੈ, ਜਿਥੇ ਸੂਰ ਨੂੰ ਨਹੀਂ ਮਾਰਿਆ ਜਾਂਦਾ। ਇਸ ਲਈ ਉਥੋਂ ਵੱਡੀ ਗਿਣਤੀ ’ਚ ਸੂਰ ਪੂਰਬੀ ਪੰਜਾਬ ਵਿੱਚ ਆ ਕੇ ਫ਼ਸਲਾਂ ਦਾ ਉਜਾੜਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਕਿਸਾਨ ਫ਼ਸਲਾਂ ਨੂੰ ਬਚਾਉਂਦੇ ਹਨ ਪਰ ਹੁਣ ਸ਼ਿਕਾਰੀ ਬੇਵੱਸ ਹਨ। ਪਿੰਡ ਚਾਹੜਕੇ ਦੇ ਸਾਬਕਾ ਪੁਲੀਸ ਅਫਸਰ ਜਗਦੇਵ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਵਿੱਚ ਸੂਰਾਂ ਨੂੰ ਗੰਨੇ ਦੇ ਖੇਤਾਂ ਵਿੱਚ ਲੁਕਣ ਲਈ ਜਗ੍ਹਾ ਮਿਲ ਜਾਂਦੀ ਹੈ ਅਤੇ ਫਿਰ ਗੰਨੇ ਦੀ ਫਸਲ ਤੋਂ ਬਾਅਦ ਜਵਾਰ-ਮੱਕੀ ਦੇ ਖੇਤਾਂ ਵਿੱਚ ਆਪਣੇ ਟਿਕਾਣੇ ਬਣਾ ਲੈਂਦੇ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਵੱਡੇ ਪੱਧਰ’ਤੇ ਤਬਾਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਿਕਾਰੀਆਂ ਦਾ ਅਸਲਾ ਲਾਇਸੰਸ ਜਮ੍ਹਾਂ ਕਰਾ ਲਿਆ ਹੈ ਜਿਸ ਕਰਕੇ ਸ਼ਿਕਾਰੀ ਇਨ੍ਹਾਂ ਸੂਰਾਂ ਨੂੰ ਮਾਰ ਨਹੀਂ ਸਕਦੇ ਤੇ ਸੂਰ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ।
ਪੰਚਾਇਤ ਦੀ ਜ਼ਿੰਮੇਵਾਰੀ ’ਤੇ ਅਸਲਾ ਵਾਪਸ ਦੇ ਸਕਦੇ ਹਾਂ: ਡੀਐੱਸਪੀ
ਜਦੋਂ ਇਸ ਗੰਭੀਰ ਮਸਲੇ ਪ੍ਰਤੀ ਡੀਐੱਸਪੀ ਅਜੈ ਗਾਂਧੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਕਰਕੇ ਲੋਕਾਂ ਕੋਲੋਂ ਅਸਲਾ ਜਮ੍ਹਾਂ ਕਰਾਏ ਹਨ। ਜੇਕਰ ਕਿਸੇ ਵਿਅਕਤੀ ਦੀ ਜਾਨ ਨੂੰ ਖਤਰਾ ਹੈ ਜਾਂ ਜੰਗਲੀ ਜਾਨਵਰ ਬਹੁਤ ਵੱਡੀ ਗਿਣਤੀ ਵਿਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ ਤਾਂ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ’ਤੇ ਅਸਲਾ ਵਾਪਸ ਲੈ ਸਕਦੇ ਹਨ।