ਮੁਕੇਰੀਆਂ (ਜਗਜੀਤ ਸਿੰਘ): ਨਗਰ ਕੌਂਸਲ ਵੱਲੋਂ ਨਾਲਿਆਂ ਦੀ ਸਫਾਈ ਉੱਤੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਨਿਕਾਸੀ ਨਾ ਹੋਣ ਕਾਰਨ ਮਾਮੂਲੀ ਬਾਰਿਸ਼ ਨਾਲ ਸ਼ਹਿਰ ਦੇ ਬਾਜ਼ਾਰ ਪਾਣੀ ਨਾਲ ਭਰ ਗਏ। ਇਸ ਕਾਰਨ ਸਕੂਲੀ ਵਿਦਿਆਰਥੀਆਂ ਅਤੇ ਆਪਣੇ ਕੰਮਾਂ ਲਈ ਬਾਜ਼ਾਰ ਆਏ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਉੱਧਰ ਨਗਰ ਕੌਂਸਲ ਅਧਿਕਾਰੀ ਨਿਕਾਸੀ ਨਾਲਿਆਂ ਦੀ ਸਫਾਈ ਲਈ ਖਰਚੇ ਲੱਖਾਂ ਰੁਪਏ ਸਬੰਧੀ ਕੋਈ ਜਾਣਕਾਰੀ ਦੇਣ ਲਈ ਤਿਆਰ ਨਹੀਂ ਹਨ। ਅੱਜ ਦੁਪਹਿਰੇ ਹੋਈ ਬਾਰਸ਼ ਕਾਰਨ ਸਕੂਲ ਦਾ ਮੇਨ ਬਾਜ਼ਾਰ, ਸਬਜ਼ੀ ਮੰਡੀ ਚੌਕ, ਗੁਰੂ ਨਾਨਕ ਸਕੂਲ ਦੀ ਗਲੀ, ਗੋਲਡਨ ਚੌਕ ਪਾਣੀ ਨਾਲ ਭਰ ਗਏ। ਸ਼ਹਿਰ ਦੇ ਨਿਕਾਸੀ ਨਾਲਿਆਂ ਦੀ ਸਫਾਈ ਉੱਤੇ ਖਰਚੇ ਜਾ ਰਹੇ ਲੱਖਾਂ ਰੁਪਏ ’ਤੇ ਸਵਾਲ ਖੜ੍ਹੇ ਕਰਦਿਆਂ ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਪੂਨਮ ਰੱਤੂ ਨੇ ਕਿਹਾ ਕਿ ‘ਆਪ’ ਸਰਕਾਰ ਦੌਰਾਨ ਵੀ ਕਾਂਗਰਸ ਦੀ ਨਗਰ ਕੌਂਸਲ ਭ੍ਰਿਸ਼ਟਾਚਾਰ ਦੀਆਂ ਹੱਦਾਂ ਤੋੜ ਰਹੀ ਹੈ। ਪਿਛਲੇ ਸਾਲ ਨਿਕਾਸੀ ਨਾਲਿਆਂ ਲਈ 5 ਲੱਖ ਦੇ ਫੰਡ ਪਾਸ ਕੀਤੇ ਗਏ, ਪਰ ਬਾਰਿਸ਼ ਦੌਰਾਨ ਨਿਕਾਸੀ ਨਾਲਿਆਂ ਦਾ ਪਾਣੀ ਬਾਜ਼ਾਰਾਂ ਵਿੱਚ ਆਉਣ ਕਾਰਨ ਨਗਰ ਕੌਂਸਲ ਨੇ ਇਨ੍ਹਾਂ ਫੰਡਾਂ ਵਿੱਚੋਂ ਢਾਈ ਲੱਖ ਖਰਚਣ ਦਾ ਦਾਅਵਾ ਕਰਕੇ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਅੰਦਰਖਾਤੇ ਲੱਖਾਂ ਰੁਪਏ ਖਪਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਨਗਰ ਕੌਂਸਲ ਦੇ ਈਓ ਵਿਜੇ ਸਾਗਰ ਮਹਿਤਾ ਨੇ ਕਿਹਾ ਕਿ ਇਹ ਜਾਣਕਾਰੀ ਸੈਨੇਟਰੀ ਇੰਸਪੈਕਟਰ ਹੀ ਦੇਣਗੇ। ਐੱਸਡੀਐੱਮ ਮੁਕੇਰੀਆ ਕੰਵਲਜੀਤ ਸਿੰਘ ਨੇ ਕਿਹਾ ਕਿ ਸਬੰਧਿਤ ਜਾਣਕਾਰੀ ਕੇਵਲ ਈਓ ਹੀ ਦੇਣਗੇ, ਜੇਕਰ ਨਹੀਂ ਦਿੰਦੇ ਤਾਂ ਉਨ੍ਹਾਂ ਖਿਲਾਫ਼ ਲਿਖਤੀ ਸ਼ਿਕਾਇਤ ਮਿਲਣ ਮਗਰੋਂ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।