ਪੱਤਰ ਪ੍ਰੇਰਕ
ਰਈਆ, 29 ਅਪਰੈਲ
ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਚੁਕਾਈ ਨਾ ਹੋਣ ’ਤੇ ਮਜ਼ਦੂਰਾਂ ਨੇ ਸਾਰੇ ਗੇਟ ਬੰਦ ਕਰ ਕੇ ਤਿੰਨ ਘੰਟੇ ਦੇ ਕਰੀਬ ਮੰਡੀ ਦੇ ਕੰਮ ਠੱਪ ਕਰ ਕੇ ਖ਼ਰੀਦ ਏਜੰਸੀਆਂ ਵਿਰੁੱਧ ਰੋਸ ਪ੍ਰਗਟ ਕੀਤਾ। ਕੁਝ ਆੜ੍ਹਤੀਆਂ ਨੇ ਦੋਸ਼ ਲਾਇਆ ਕਿ ਟਰੱਕਾਂ ਵਾਲੇ ਕਿਰਾਏ ਤੋਂ ਇਲਾਵਾ ਪੈਸੇ ਲੈ ਕੇ ਕਣਕ ਲਦਵਾਉਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਅਨਾਜ ਮੰਡੀ ਵਿਚ 12 ਅਪਰੈਲ ਤੋਂ ਸਾਰੀਆਂ ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਖ਼ਰੀਦ ਸ਼ੁਰੂ ਕਰ ਲਈ ਗਈ ਸੀ ਪਰ ਖ਼ਰੀਦ ਏਜੰਸੀਆਂ ਵੱਲੋਂ ਕਣਕ ਦੀ ਢੋਆ-ਢੁਆਈ ਦਾ ਠੇਕਾ ਦਿੱਤਾ ਹੋਇਆ ਹੈ। ਇਹ ਠੇਕਾ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਪਾਸ ਢੁਆਈ ਦੇ ਸਾਧਨਾਂ ਦੀ ਕਮੀ ਹੈ। ਇਸ ਕਾਰਨ ਆੜ੍ਹਤੀਆਂ ਵੱਲੋਂ ਆਪਣੇ ਆਪ ਟਰੱਕਾਂ ਦੇ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਕਾਰਨ ਟਰੱਕ ਚਾਲਕ/ਮਾਲਕ ਆੜ੍ਹਤੀਆਂ ਪਾਸੋਂ 500 ਤੋਂ 2000 ਰੁਪਏ ਤੱਕ ਨਗਦ ਜਾਂ ਕਣਕ ਦੇ ਬੋਰੇ ਚੋਰੀ ਕਰਦੇ ਹਨ। ਜੋ ਦੁਕਾਨਦਾਰ ਅਜਿਹਾ ਨਹੀਂ ਕਰਦਾ ਉਸ ਦੀ ਦੁਕਾਨ ਤੋਂ ਕਣਕ ਦੀ ਚੁਕਾਈ ਨਹੀਂ ਹੋ ਰਹੀ। ਕੁਝ ਆੜ੍ਹਤੀਏ ਜੋ ਉੱਚ ਪਹੁੰਚ ਵਾਲੇ ਜਾਂ ਟਰੱਕਾਂ ਦੇ ਮਾਲਕ ਹਨ, ਉਨ੍ਹਾਂ ਨੇ ਆਪਣੀ ਦੁਕਾਨ ਤੋਂ ਕਣਕ ਦੀ ਚੁਕਾਈ ਕਰਵਾ ਦਿੱਤੀ ਹੈ ਬਾਕੀ ਦੁਕਾਨਾਂ ’ਤੇ ਕਣਕ ਦੀ ਚੁਕਾਈ ਨਾ ਹੋਣ ਕਾਰਨ ਮਜ਼ਦੂਰ ਵਿਹਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਵਿਹਲੇ ਬੈਠ ਕੇ ਖ਼ਰਚਾ ਕਰ ਰਹੇ ਹਨ। ਅੱਜ ਮਜ਼ਦੂਰਾਂ ਵੱਲੋ ਸਥਾਨਕ ਅਨਾਜ ਮੰਡੀ ਦੇ ਸਾਰੇ ਗੇਟ ਬੰਦ ਕਰ ਕੇ ਪੰਜਾਬ ਸਰਕਾਰ, ਖ਼ਰੀਦ ਏਜੰਸੀਆਂ ਅਤੇ ਠੇਕੇਦਾਰਾਂ ਵਿਰੁੱਧ ਰੋਸ ਪ੍ਰਗਟ ਕੀਤਾ ਜੋ ਕਰੀਬ ਤਿੰਨ ਘੰਟੇ ਚੱਲਿਆ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਕਣਕ ਦੀ ਚੁਕਾਈ ਕਰਵਾਈ ਜਾਵੇ। ਦੇਰੀ ਕਾਰਨ ਕਣਕ ਦਾ ਵਜ਼ਨ ਘਟਣ ਦੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।