ਮਨਪ੍ਰੀਤ ਸਿੰਘ
ਮਾਨਸਰ, 26 ਫਰਵਰੀ
ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸ਼ੂਗਰ ਮਿੱਲ ਮੁਕੇਰੀਆਂ ਵੱਲੋਂ ਗੰਨੇ ਦੀ ਲੇਟ ਅਦਾਇਗੀ ਅਤੇ ਗੰਨੇ ਦੀਆਂ ਪਰਚੀਆਂ ਨਾ ਮਿਲਣ ਕਾਰਨ ਦਾਣਾ ਮੰਡੀ ਭੰਗਾਲਾ ਵਿੱਚ ਮੀਟਿੰਗ ਕੀਤ ਗਈ। ਇਸ ਮੌਕੇ ਕਿਸਾਨਾਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਸੜਕ ’ਤੇ ਸੰਕੇਤਕ ਧਰਨਾ ਵੀ ਦਿੱਤਾ ਗਿਆ।
ਇਸ ਮੌਕੇ ਬਲਕਾਰ ਸਿੰਘ ਮੱਲ੍ਹੀ, ਅਮਰਜੀਤ ਸਿੰਘ ਕਾਨੂੰਨਗੋ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਦਰਸ਼ਨ ਸਿੰਘ ਛੰਨੀ ਤੇ ਸ਼ਮਿੰਦਰ ਸਿੰਘ ਨੇ ਕਿਹਾ ਸ਼ੂਗਰ ਮਿੱਲ ਮੁਕੇਰੀਆਂ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਸਮੇਂ ਸਿਰ ਪਰਚੀ ਨਾ ਦੇਣ ਕਰਕੇ ਕਿਸਾਨਾਂ ਦਾ ਮੋਢਾ ਗੰਨਾ ਹਾਲੇ ਖੜ੍ਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਿੱਲ ਪ੍ਰਬੰਧਕਾਂ ਦੇ ਚਹੇਤਿਆਂ ਸਮੇਤ ਬਾਹਰਲੇ ਇਲਾਕੇ ਦੇ ਕਿਸਾਨਾਂ ਦੇ ਲੈਰੇ ਗੰਨੇ ਨੂੰ ਪਹਿਲ ਦੇ ਆਧਾਰ ’ਤੇ ਖਰੀਦਿਆ ਜਾ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਬੰਧਕਾਂ ਨੇ ਆਪਣਾ ਕੈਲੰਡਰ ਸਿਸਟਮ ਠੀਕ ਨਾ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਖਾਤਿਆਂ ਵਿੱਚ ਨਾ ਪਾਈ ਤਾਂ ਕਿਸਾਨ ਜਥੇਬੰਦੀਆਂ ਸ਼ੂਗਰ ਮਿੱਲ ਮੈਨੇਜਮੈਂਟ ਮੁਕੇਰੀਆਂ, ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਸੁਰੂ ਕਰ ਦੇਣਗੇ। ਉਨ੍ਹਾਂ ਦੱਸਿਆਂ ਕਿ ਸ਼ੂਗਰ ਮਿੱਲ ਮੁਕੇਰੀਆਂ ਦੇ ਮਾੜੇ ਪ੍ਰਬੰਧਨ ਖ਼ਿਲਾਫ ਐੱਸਡੀਐੱਮ ਦਫ਼ਤਰ ਮੁਕੇਰੀਆਂ ਅੱਗੇ 2 ਮਾਰਚ ਨੂੰ ਸਵੇਰੇ 11 ਵਜੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਕੁਲਜੀਤ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਮਨਜਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਬਲਵੀਰ ਸਿੰਘ, ਗੁਰਵਤਨ ਸਿੰਘ ਮੁਲਤਾਨੀ ਤੇ ਇੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।