ਪੱਤਰ ਪ੍ਰੇਰਕ
ਨਵਾਂਸ਼ਹਿਰ, 23 ਸਤੰਬਰ
ਦਿੱਲੀ ਵਿਖੇ ਕਤਲ ਕੀਤੀ ਗਈ ਰਾਬੀਆ ਸੈਫੀ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇਸਤਰੀ ਜਾਗ੍ਰਿਤੀ ਮੰਚ ਵਲੋਂ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸਥਾਨਕ ਬੱਸ ਅੱਡੇ ’ਤੇ ਔਰਤਾਂ ਦਾ ਇਕੱਠ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਦੁਰਗਾਪੁਰ ਨੇ ਕਿਹਾ ਕਿ ਮੋਦੀ ਸਰਕਾਰ ਔਰਤਾਂ ਦੀ ਸੁਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਮੋਦੀ ਰਾਜ ਵਿਚ ਘੱਟ ਗਿਣਤੀਆਂ ਨਾਲ ਸਬੰਧਤ ਅਤੇ ਦਲਿਤ ਔਰਤਾਂ ਨੂੰ ਵਿਸ਼ੇਸ਼ ਤੌਰ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 26 ਅਗਸਤ ਨੂੰ ਰਾਬੀਆ ਸੈਫੀ ਨਾਮੀ ਲੜਕੀ ਨੂੰ ਬਹੁਤ ਹੀ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਦੀ ਦੇਹ ਉੱਤੇ ਤੇਜ਼ਧਾਰ ਹਥਿਆਰਾਂ ਦੇ 64 ਨਿਸ਼ਾਨ ਸਨ ਪਰ ਮੋਦੀ ਸਰਕਾਰ ਇਸ ਸਮੁੱਚੇ ਮਾਮਲੇ ਦੀ ਪੜਤਾਲ ਕਰਾਉਣ ਲਈ ਗੰਭੀਰ ਨਹੀਂ ਹੈ ਸਗੋਂ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਸਰਗਰਮ ਹੈ।