ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 12 ਸਤੰਬਰ
ਸਾਬਕਾ ਫੌਜੀਆਂ ਨੇ ਜੀਓਜੀ ਸਕੀਮ ਦੀ ਮੁੜ ਬਹਾਲੀ ਦੀ ਮੰਗ ਲਈ ਅੱਜ ਇੱਥੇ ਰੈਲੀ ਕਰ ਕੇ ਸਥਾਨਕ ਬੰਗਾ ਚੌਕ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਬਾਅਦ ’ਚ ਐੱਸਡੀਐੱਮ ਦਫਤਰ ਗੜ੍ਹਸ਼ੰਕਰ ਪਹੁੰਚ ਕੇ ਮੰਗ ਪੱਤਰ ਅਧਿਕਾਰੀ ਨੂੰ ਦਿੱਤਾ।
ਇਸ ਮੌਕੇ ਬੁਲਾਰਿਆਂ ਮੰਗ ਕੀਤੀ ਕਿ ਜੀਓਜੀ ਸੇਵਾਵਾਂ ਚਾਲੂ ਰੱਖੀਆਂ ਜਾਣ। ਕੈਪਟਨ ਲਖਵੀਰ ਸਿੰਘ, ਕੈਪਟਨ ਬਲਵੀਰ ਸਿੰਘ, ਦਰਸ਼ਨ ਸਿੰਘ ਤੇ ਕੁਲਦੀਪ ਸਿੰਘ ਆਦਿ ਆਗੂਆਂ ਕਿਹਾ ਕਿ ਸਰਕਾਰ ਨੇ ਹੋਰ ਨੌਕਰੀਆਂ ਤਾਂ ਕੀ ਦੇਣੀਆਂ ਸਨ ਸਗੋਂ ਪਹਿਲਾਂ ਦਿੱਤੀਆਂ ਹੋਈਆਂ ਵੀ ਖੋਹ ਰਹੀ ਹੈ।
ਉਨ੍ਹਾਂ ਕਿਹਾ ਕਿ ਜੀਓਜੀ ਸਕੀਮ ਬੰਦ ਕਰਨ ਨਾਲ ਭ੍ਰਿਸ਼ਟਾਚਾਰ ’ਚ ਵਾਧਾ ਹੋਵੇਗਾ,ਕਿਉਂਕਿ ਸਾਬਕਾ ਫੌਜੀ ਅਨੁਸਾਸ਼ਨ ਤਹਿਤ ਪਾਰਦਰਸ਼ੀ ਢੰਗ ਨਾਲ ਕੰਮ ਕਰਵਾ ਰਹੇ ਸਨ। ਆਗੂਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਸਕੀਮ ਬਹਾਲ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸੀਪੀਐੱਮ ਆਗੂ ਦਰਸ਼ਨ ਸਿੰਘ ਮੱਟੂ, ਕਿਰਤੀ ਕਿਸਾਨ ਯੂਨੀਅਨ ਆਗੂ ਰਾਮਜੀਤ ਸਿੰਘ, ਭਾਜਪਾ ਨੇਤਾ ਨਿਮਿਸ਼ਾ ਮਹਿਤਾ, ਵਿਧਾਇਕ ਰਾਜ ਕੁਮਾਰ ਚੱਬੇਵਾਲ ਆਦਿ ਆਗੂਆਂ ਨੇ ਜੀਓਜੀ ਦਾ ਸਮਰਥਨ ਕਰਦਿਆਂ ਡਟ ਕੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਇਸ ਮੌਕੇ ਬਲਬੀਰ ਸਿੰਘ ਰਾਣਾ,ਮੋਹਣ ਲਾਲ ਹਾਜੀ ਪੁਰ ਤੋਂ ਇਲਾਵਾ ਦਸੂਹਾ ਮੁਕੇਰੀਆਂ, ਨਵਾਂਸ਼ਹਿਰ ਆਦਿ ਸ਼ਹਿਰਾਂ ਤੋਂ ਆਏ ਸੀਨੀਅਰ ਸਾਬਕਾ ਫੌਜੀਆਂ ਜੀਓਜੀ ਆਗੂਆਂ ਨੇ ਸਕੀਮ ਦੀ ਬਹਾਲੀ ਦੀ ਮੰਗ ਕੀਤੀ।