ਪੱਤਰ ਪ੍ਰੇਰਕ
ਕਰਤਾਰਪੁਰ, 22 ਅਗਸਤ
ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੇ ਸੂਬਾਈ ਸੱਦੇ ਤਹਿਤ ਫਰੰਟ ਵਲੋਂ ਕੇਂਦਰ ਸਰਕਾਰ ਦੁਆਰਾ ਦੇਸ਼ ਵਿੱਚ ਅਣ-ਐਲਾਨੀ ਐਮਰਜੈਂਸੀ ਲਗਾ ਕੇ ਵਿੱਢੇ ਹਮਲਿਆਂ ਖਿਲਾਫ਼ ਅੱਜ ਦੂਸਰੇ ਦਿਨ ਵੱਖ-ਵੱਖ ਪਿੰਡਾਂ ਘੁੱਗਸ਼ੋਰ, ਬ੍ਰਹਮਪੁਰ, ਫਾਜਿਲਪੁਰ ਅਤੇ ਪਾੜਾ ਪਿੰਡ ਵਿਚ ਮਾਰਚ ਕਰਕੇ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਕਸ਼ਮੀਰ ਸਿੰਘ ਘੁੱਗਸ਼ੋਰ, ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਆਗੂ ਕੇ ਐਸ ਅਟਵਾਲ, ਜਰਨੈਲ ਸਿੰਘ ਅਤੇ ਪਰਮਜੀਤ ਕੌਰ ਮੀਕੋ ਨੇ ਕੇਂਦਰ ਸਰਕਾਰ ਦੇ ਫਾਸ਼ੀਵਾਦੀ ਹਮਲਿਆਂ ਖਿਲਾਫ਼ ਲੋਕਾਂ ਨੂੰ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਲਗਾਤਾਰ ਕਾਰਪੋਰੇਟ ਦੇ ਹਿੱਤਾਂ ਵਿੱਚ ਭੁਗਤ ਰਹੀਆਂ ਹਨ। ਇਸ ਖਿਲਾਫ਼ ਲੋਕਾਂ ਦਾ ਰੋਸ ਵੱਧ ਰਿਹਾ ਹੈ। ਕੇਂਦਰ ਸਰਕਾਰ ਆਪਣੇ ਵਿਰੋਧੀ ਵਿਚਾਰਾਂ ਨੂੰ ਕੁਚਲਣ ਲਈ ਸਰਕਾਰੀ ਏਜੰਸੀਆਂ ਦੀ ਦੁਰਵਰਤੋ ਕਰਕੇ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹੀਂ ਡੱਕ ਕੇ ਆਵਾਜ਼ ਕੁਚਲਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜੇਲ੍ਹਾਂ ਵਿੱਚ ਬੰਦ ਸਿਆਸੀ ਕਾਰਕੁਨਾਂ, ਬੁੱਧੀਜੀਵੀਆਂ ਦੀ ਰਿਹਾਈ ਕੀਤੀ ਜਾਵੇ।