ਹਤਿੰਦਰ ਸਿੰਘ ਮਹਿਤਾ
ਆਦਮਪੁਰ ਦੋਆਬਾ, 11 ਜੂਨ
ਪੰਜਾਬ ਗੁੱਜਰ ਸਭਾ ਵੱਲੋਂ ਪੰਜਾਬ ਪ੍ਰਧਾਨ ਹਾਜੀ ਆਲਮਗੀਰ ਦੀ ਅਗਵਾਈ ’ਚ ਅੱਜ ਭਾਰੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਪੈਗ਼ੰਬਰ ਹਜ਼ਰਤ ਮੁਹੰਮਦ ਖਿਲਾਫ ਗਲਤ ਟਿੱਪਣੀ ਕਰਨ ਵਾਲੇ ਸਾਬਕਾ ਭਾਜਪਾ ਨੇਤਾ ਨੂਪੁਰ ਸ਼ਰਮਾ ਤੇ ਭਾਜਪਾ ਨੇਤਾ ਨਵੀਨ ਜਿੰਦਲ ਦੀ ਗ੍ਰਿਫ਼ਤਾਰੀ ਕਰਨ ਦੀ ਮੰਗ ਕੀਤੀ ਹੈ। ਪੰਜਾਬ ਗੁੱਜਰ ਸਭਾ ਦੇ ਪ੍ਰਧਾਨ ਹਾਜੀ ਆਲਮਗੀਰ ਦੀ ਅਗਵਾਈ ’ਚ ਥਾਣਾ ਮੁਖੀ ਆਦਮਪੁਰ ਇੰਸਪੈਕਟਰ ਰਜੀਵ ਕੁਮਾਰ ਤੇ ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਦੇ ਰਾਹੀਂ ਰਾਸ਼ਟਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਸ ਤੋਂ ਪਹਿਲਾਂ ਇਹ ਲੋਕ ਭਾਜਪਾ ਨੇਤਾ ਨੂਪੁਰ ਸ਼ਰਮਾ ਤੇ ਭਾਜਪਾ ਨੇਤਾ ਨਵੀਨ ਜਿੰਦਲ ਦੇ ਵਿਰੁੱਧ ਨਾਰੇਅਬਾਜ਼ੀ ਕਰਦੇ ਹੋਏ ਪੁਲੀਸ ਸਟੇਸ਼ਨ ਆਦਮਪੁਰ ਪਹੁੰਚੇ ਤੇ ਸ਼ਾਂਤਮਈ ਤਰੀਕੇ ਨਾਲ ਡੀਐੱਸਪੀ ਆਦਮਪੁਰ ਕੈਲਾਸ਼ ਚੰਦਰ, ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਤੇ ਥਾਣਾ ਮੁਖੀ ਆਦਮਪੁਰ ਇੰਸਪੈਕਟਰ ਰਜੀਵ ਕੁਮਾਰ ਨੂੰ ਮੰਗ ਪੱਤਰ ਸੌਂਪਿਆ। ਉਪਰੰਤ ਡੀਐੱਸਪੀ ਸਬ-ਡਵੀਜ਼ਨ ਆਦਮਪੁਰ ਕੈਲਾਸ਼ ਚੰਦਰ ਤੇ ਨਾਇਬ ਤਹਿਸੀਲਦਾਰ ਆਦਮਪੁਰ ਓਂਕਾਰ ਸਿੰਘ ਨੇ ਸਮੂਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦਾ ਮੈਮੋਰੰਡਮ ਜਲਦ ਤੋਂ ਜਲਦ ਭਾਰਤ ਦੇ ਰਾਸ਼ਟਰਪਤੀ ਤੱਕ ਪਹੁੰਚਾ ਦੇਣਗੇ।
ਧਰਮ ਦੇ ਨਾਂ ’ਤੇ ਸਿਆਸਤ ਕਰਨ ਵਾਲਿਆਂ ਨੂੰ ਮਿਲੇ ਸਖ਼ਤ ਸਜ਼ਾ: ਅਬਦੁਲ ਹਫ਼ੀਜ਼
ਕਾਦੀਆਂ(ਮਕਬੂਲ ਅਹਿਮਦ): ਸਮਾਜ ਸੇਵਕ ਅਬਦੁਲ ਹਫ਼ੀਜ਼ ਨੇ ਕਿਹਾ ਹੈ ਕਿ ਨੂਪੁਰ ਸ਼ਰਮਾ ਵੱਲੋਂ ਹਜ਼ਰਤ ਮੁਹੰਮਦ ਬਾਰੇ ਕੀਤੀ ਗਈ ਗ਼ਲਤ ਟਿੱਪਣੀ ਤੋਂ ਬਾਅਦ ਦੇਸ਼ ’ਚ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿਸ ਦੇ ਚੱਲਦਿਆਂ ਰਾਂਚੀ ’ਚ ਦੋ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਪੁਰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਧਰਮ ਦੇ ਨਾਂ ’ਤੇ ਸਿਆਸਤ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦਾ ਕਾਨੂੰਨ ਬਣਾਇਆ ਜਾਵੇ।