ਭਗਵਾਨ ਦਾਸ ਸੰਦਲ
ਦਸੂਹਾ, 1 ਅਪਰੈਲ
ਇੱਥੇ ਨਗਰ ਕੌਂਸਲ ਦਸੂਹਾ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਵਿੱਤੀ ਵਰ੍ਹੇ 2022-23 ਲਈ 8.88 ਕਰੋੜ ਰੁਪਏ ਦਾ ਸਲਾਨਾ ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਜਦਕਿ ਪਿਛਲੇ ਸਾਲ 9 ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ ਕੀਤਾ ਗਿਆ ਸੀ। ਇਸ ਮੌਕੇ ਵਿਧਾਇਕ ਬਣਨ ਮਗਰੋਂ ਪਹਿਲੀ ਵਾਰ ਮੀਟਿੰਗ ਵਿੱਚ ਪੁੱਜੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਖੁਸ਼ਨੁਮਾ ਮਾਹੌਲ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਚਰਚਾ ਕੀਤੀ। ਇਸ ਮੌਕੇ ਪਾਸ ਕੀਤੇ ਬਜਟ ਮੁਤਾਬਕ ਕੁੱਲ ਬਜਟ ਵਿੱਚੋਂ ਕੌਂਸਲ ਬਿਲਡਿੰਗ ਦੇ ਨਿਰਮਾਣ ਲਈ 50 ਲੱਖ ਰੁਪਏ, ਸਟਰੀਟ ਲਾਈਟਾਂ ਲਈ 48 ਲੱਖ ਰੁਪਏ, ਨਵੀਂਆਂ ਸੜਕਾਂ-ਨਾਲੀਆਂ ਦੇ ਨਿਰਮਾਣ ਤੇ ਮੁਰੰਮਤ ਲਈ 89 ਲੱਖ ਰੁਪਏ, ਸੋਲਡ ਵੇਸਟ ਮਸ਼ੀਨਰੀ ’ਤੇ 50 ਲੱਖ ਰੁਪਏ ਖਰਚ ਕੀਤੇ ਜਾਣਗੇ।
ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ 80 ਲੱਖ, ਵਾਟਰ ਸਪਲਾਈ ਤੇ ਸੀਵਰੇਜ ਤੋਂ 25 ਲੱਖ, ਰੈਂਟ ਤੇ ਤਹਬਿਾਜ਼ਾਰੀ 1.25 ਲੱਖ, ਐਕਸਾਈਜ਼ ਡਿਊਟੀ 125 ਲੱਖ, ਬਿਲਡਿੰਗ ਐਪਲੀਕੇਸ਼ਨ ਫ਼ੀਸ 60 ਲੱਖ, ਬਿਜਲੀ ਤੇ ਚੁੰਗੀ 60 ਲੱਖ, ਲਾਈਸੈਂਸ ਫ਼ੀਸ 6 ਲੱਖ, ਫਾਇਰ ਸੈੱਸ 5 ਲੱਖ, ਇਸ਼ਤਿਹਾਰੀ ਟੈਕਸ 5 ਲੱਖ ਤੇ ਹੋਰ ਸਾਧਨਾਂ ਤੋਂ 20.20 ਲੱਖ ਰੁਪਏ ਮਾਲੀਆ ਆਉਣ ਦੇ ਆਸਾਰ ਹਨ। ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਚੰਦਰ ਸ਼ੇਖਰ ਬੰਟੀ, ਭੁੱਲਾ ਸਿੰਘ ਰਾਣਾ, ਮੀਨੂੰ, ਸੀਮਾ ਮੇਅਰ, ਨਿਰਮਲਾ ਦੇਵੀ, ਸੁਮਨ ਭੱਟੀ, ਕੌਂਸਲਰ ਰਾਕੇਸ਼ ਬੱਸੀ, ਡਾ. ਵਿਨੋਦ ਜੰਬਾ, ਜੋਬਨ ਬੱਸੀ, ਸੰਤੋਖ ਸਿੰਘ ਤੋਖੀ, ਇੰਦੂਬਾਲਾ ਤੇ ਪ੍ਰਿਯੰਕਾ ਅਗਰਵਾਲ (ਸਾਰੇ ਕੌਂਸਲਰ) ਹਾਜ਼ਰ ਸਨ।