ਗੁਰਦੇਵ ਸਿੰਘ ਗਹੂੰਣ
ਬਲਾਚੌਰ, 23 ਅਗਸਤ
ਬੀਤੇ ਦਿਨ ਇਥੇ ਮਹਿੰਦੀਪੁਰ ਵਿੱਚ ਸੀਵਰੇਜ ਦੀ ਸਫਾਈ ਦੌਰਾਨ 2 ਨੌਜਵਾਨਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮਹਿੰਦੀਪੁਰ ਨਿਵਾਸੀ ਸ਼ੁਭਮ (21) ਦਾ ਸੈਂਕੜੇ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਇਸ ਦੁਰਘਟਨਾ ਨਾਲ ਦੋ ਘਰਾਂ ਦੇ ਚਿਰਾਗ ਬੁਝ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਸ਼ੋਕ-ਗ੍ਰਸਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਦੋਹਾਂ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੌਕਰੀ ਅਤੇ 25 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ, ਜਿਸ ਨਾਲ ਦੋਹਾਂ ਪਰਿਵਾਰਾਂ ਦਾ ਗੁਜ਼ਾਰਾ ਚੱਲ ਸਕੇ। ਸ਼ੋਕ ਗ੍ਰਸਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਚੌਧਰੀ ਦਰਸ਼ਨ ਲਾਲ ਮੰਗੂਪੁਰ ਤੋਂ ਇਲਾਵਾ ਰਾਜਿੰਦਰ ਸਿੰਘ ਸ਼ਿੰਦੀ ਸ਼ਹਿਰੀ ਪ੍ਰਧਾਨ ਕਾਂਗਰਸ, ਸਮਾਜ ਸੇਵੀ ਰਿੱਕੀ ਬਜਾਜ, ਮਿਉਂਸਪਲ ਕੌਂਸਲਰ ਨਰੇਸ਼ ਚੇਚੀ ਅਤੇ ਲਾਲ ਬਹਾਦਰ ਗਾਂਧੀ, ਬੌਬੀ ਰਾਣਾ ਅਤੇ ਮੰਗਾ ਰਾਣਾ ਆਦਿ ਸ਼ਾਮਲ ਸਨ।